ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੬ )
ਤੇਰੀ ਖੰਬੜੀ ਖੰਬੜੀ ਵੱਖ ਕਰਕੇ,
ਕਈਆਂ ਤਿੱਤਰੀਆਂ ਦਾ ਸੀਨਾ ਸਾੜਿਆ ਏ !
ਤੋੜ ਤਾੜਕੇ ਚਾੜ੍ਹਕੇ ਅੱਗ ਉੱਤੇ,
ਬੰਦ ਬੰਦ ਉਹ ਲੱਗਾ ਝਲੂਣ ਤੇਰਾ !
ਓੜਕ ਕਿਸੇ ਹੁਸੀਨ ਦੇ ਢੋਏ ਬਦਲੇ,
ਉਹਨੇ ਸ਼ੀਸ਼ੀ 'ਚ ਪਾ ਲਿਆ ਖ਼ੂੰਨ ਤੇਰਾ !
ਹੁੰਦਾ ਤੇਰੇ ਤੇ ਦੇਖਕੇ ਜ਼ੁਲਮ ਐਡਾ,
ਸਹਿਮ ਨਾਲ ਮੈਂ ਕੁਸਕਿਆ ਹੱਲਿਆ ਨਾ !
ਡਰਦਾ ਰਿਹਾ ਮੈਂ *ਜ਼ੇਬੁੱਨਸਾ ਵਾਂਗੂੰ,
ਢੱਕਣ ਦੇਗ਼ ਦਾ ਗਿਆ ਉੱਥਲਿਆ ਨਾ !
ਚੁਣੀ ਕੰਧ ਵਿੱਚ ਗਈ +ਅਨਾਰਕਲੀ,
ਤਾਂ ਵੀ ਵੱਸ ਸਲੀਮ ਦਾ ਚੱਲਿਆ ਨਾ !
ਦੇ ਦੇ ਠੁੱਮ੍ਹਣੇ ਠੱਲਿਆ ਬੜਾ ਜੀ ਨੂੰ,
ਪਰ ਇਹ ਦੁੱਖ ਮੈਥੋਂ ਗਿਆ ਝੱਲਿਆ ਨਾ !
ਸੌੜੀ ਪਈ ਵਿਛੋੜੇ ਤੋਂ ਜਿੰਦ ਆਕੇ,
ਜਾ ਇਕ ਕੰਢੇ ਦੀ ਚੁੰਝ ਤੇ ਤਣ ਗਿਆ !
ਪੱਤੇ ਟਾਹਣੀਆਂ ਦੇਖਕੇ ਬੋਲ ਉੱਠੇ,
'ਲਉ ਜੀ ! ਨੂਹ ਮਨਸੂਰ ਅਜ ਬਣ ਗਿਆ !
ਫਿਰਦੀ ਪਈ ਸੀ ਕਿਤੇ ਹਵਾ ਵੈਰਨ,
ਉਹਨੇ ਆਣਕੇ ਸੂਲੀਓਂ ਢਾ ਦਿੱਤਾ !
- ਜ਼ੇਬੁੱਨਸਾ ਤੇ ਆਕਲ ਖਾਂ ਦਾ ਮਸ਼ਹੂਰ ਸਾਕਾ ।
+ਅਨਾਰਕਲੀ ਸਲੀਮ ਤਥਾ ਜਹਾਂਗੀਰ ਦੀ ਪ੍ਰੇਮਕਾ ਸੀ।