ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧ )

ਦੇਖ ਦੇਖ ਕੇ ਰੱਤੜੀ ਝਲਕ ਤੇਰੀ,
ਮੇਰੇ ਮੁੱਖ ਉੱਤੇ ਲਾਲੀ ਆਉਂਣ ਲੱਗੀ !
ਤੈਂਨੂੰ ਮੇਰੇ ਤੋਂ ਰੱਖ ਕੇ ਵਿੱਥ ਉੱਤੇ,
ਪਰ ਉਹ ਹਿੱਕ ਮੇਰੀ ਛੇਕ ਪਾਉਂਣ ਲੱਗੀ !

ਗਿਆ ਵਿੰਨ੍ਹਿਆਂ ਸੀ ਨਾ ਜ਼ਰਾ ਕੀਤੀ,
ਅੰਮ੍ਰਿਤ ਚੁੰਘਿਆ ਸੂਈ ਦੀ ਜ਼ਹਿਰ ਵਿੱਚੋਂ !
ਮੈਂਨੂੰ ਹੂਰਾਂ ਦੀ ਗੋਦ ਵਿੱਚ ਸੌਣ ਵਾਲੀ,
ਲੱਭੀ ਜ਼ਿੰਦਗੀ ਮੌਤ ਦੇ ਸ਼ਹਿਰ ਵਿੱਚੋਂ !

ਕਰਨਾ ਰੱਬ ਦਾ ਆਣਕੇ ਹੋਯਾ ਐਸਾ,
ਰੁੱਝੀ ਫੇਰ ਉਹ ਹਾਰ ਸ਼ਿੰਗਾਰ ਅੰਦਰ !
ਤੇਰਾ ਅਤਰ ਗੁਲਾਬੀ ਰਚਾ ਸਿਰ ਤੇ,
ਖਿੜ ਗਈ ਚੰਬੇ ਦੀ ਕਲੀ ਬਹਾਰ ਅੰਦਰ !
ਸਗਨਾਂ ਨਾਲ ਪਰੋ ਲਿਆ ਫੇਰ ਮੈਂਨੂੰ,
ਫੜ ਕੇ ਲਿਟ ਕਾਲੀ ਕੁੰਡਲਦਾਰ ਅੰਦਰ !
ਸਾਡੇ ਦੋਹਾਂ ਦਾ ਮੇਲ ਕਰਾ ਦਿੱਤਾ ।
ਓਸ ਪਰੀ ਨੇ ਜ਼ੁਲਫ਼-ਬਾਜ਼ਾਰ ਅੰਦਰ !

ਖੁਸ਼ੀ ਨਾਲ ਇਹ ਹੋਗਿਆ ਹਾਲ ਮੇਰਾ,
ਤੈਨੂੰ ਪਾ ਗਲਵੱਕੜੀ ਲਮਕਿਆ ਮੈਂ !
'ਸ਼ਰਫ਼' ਕਾਲੀਆਂ ਜ਼ੁਲਫਾਂ ਦੀ ਰਾਤ ਅੰਦਰ,
ਬਣਕੇ ਤਾਰਾ ਉਸ਼ੇਰ ਦਾ ਚਮਕਿਆ ਮੈਂ !
-:੦:-