ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨ )

ਸੱਚਾ ਯਰਾਨਾ


ਇੱਕ ਰੋਜ਼ ਸ਼ਾਮ ਨੂੰ ਮੈਂ ਏਨ੍ਹਾਂ ਹੀ ਦਲੀਲਾਂ ਵਿੱਚ,
ਤੇਲ-ਮੁੱਕੇ ਦੀਵੇ ਵਾਂਗੂੰ ਬੈਠਾ ਹੈਸਾਂ *ਬਲਦਾ:-
'ਯਾਰੀ ਤੇ ਵਫ਼ਾ ਵਾਲੇ ਫੁੱਲ ਕਿੱਥੋਂ ਲੱਭਦੇ ਨੇ ?
ਪਤਾ ਮੈਂਨੂੰ ਲੱਗਦਾ ਨਹੀਂ ਓਸ ਰੁੱਖ-ਵੱਲ ਦਾ !
'ਬਹੁਤ ਘਿਸਾਂ ਖਾਧੀਆਂ ਨੇ ਪਰਖ ਦੀ ਕਸੌਟੀ ਉੱਤੇ,
ਮਤਲਬੀ ਯਰਾਨਾ ਡਿੱਠਾ ਸਾਰਾ ਅੱਜ ਕੱਲ ਦਾ !
ਵੱਟਾ ਸੱਟਾ ਪੱਗ ਦਾ ਕਰੇਂਦੇ ਓਹਦੇ ਨਾਲ ਸਾਰੇ,
ਧਨੀ ਜਿਹੜਾ ਹੋਂਵਦਾ ਏ ਜ਼ਰਾ ਬਾਹੂ ਬਲ ਦਾ !
'ਹੁਸਨ ਤੇ ਜਵਾਨੀ ਦੀ ਦੁਪਹਿਰ ਜਿਦ੍ਹੀ ਲੱਗੀ ਹੋਵੇ,
ਜੱਗ ਓਹਦੇ ਜੋੜਿਆਂ ਤਨੋੜਿਆਂ ਨੂੰ ਝੱਲਦਾ !
'ਲੱਭੇ ਨਾ ਹਨੇਰੇ ਦੇ ਪ੍ਰਛਾਵੇਂ ਵਾਂਗ ਓਦੋਂ ਕੋਈ,
ਓਹਦੇ ਰੂਪ ਜੋਬਨਾਂ ਦਾ ਸੂਰਜ ਜਦੋਂ ਢੱਲਦਾ !
'ਵੇਖ ਲਉ ਪਤੰਗੇ ਨੂੰ ਵੀ ਜਗੇ ਹੋਏ ਦੀਵੇ ਉੱਤੇ,
ਪਿਆਰ ਤੇ ਮੁਹੱਬਤਾਂ ਦੀ ਤਾਰ ਕਿਵੇਂ ਵਲਦਾ !
'ਉੱਡ ਜਾਵੇ ਲੋ-ਚਾਨਣ ਜਦੋਂ ਓਹਦੇ ਮੁੱਖੜੇ ਤੋਂ,
ਰਵਾਦਾਰ ਹੋਂਵਦਾ ਨਹੀਂ ਫੇਰ ਕਿਸੇ ਗੱਲ ਦਾ !
'ਮੈਨੂੰ ਤੇ ਕੋਈ ਲੱਭਦਾ ਨਹੀਂ ਏਹੋ ਜਿਹਾ ਯਾਰ 'ਸੱਚਾ',
ਯਾਰ ਦੀਆਂ ਭੀੜਾਂ ਵਿੱਚ ਜਿਹੜਾ ਹੋਵੇ ਢੱਲਦਾ !


*ਕਾਫੀਏ ਦੇ ਹਰਫਾਂ ਤੇ ਅੱਧਕ ਜ਼ਰੂਰੀ ਨਹੀਂ ਸਮਝੀ ਗਈ ।