ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਜਿਊਂਦੇ ਰਾਜ ਹੰਸ ਹੈ ਕੋਈ ਫੜਕੇ ਬੇਤਰਸ ਜਿਵੇਂ,
ਤਪੇ ਹੋਏ ਤੇਲ ਵਿਚ ਹੋਵੇ ਪਿਆ ਤਲਦਾ !
ਫੱਟੇ ਹੋਏ ਸਹੇ ਵਾਂਗੂ ਬੁੜ੍ਹਕਿਆ ਬਥੇਰਾ,ਪਰ
ਕੰਢਾ ਬੜਾ ਉੱਚਾ ਸੀ ਕੜਾਹੀ ਦੀ ਖਡੱਲ ਦਾ !
ਗੁੱਛਾ ਮੁੱਛਾ ਹੋਣ ਲੱਗਾ ਸੇਕ ਨਾਲ ਜਦੋਂ ਬਹੁਤਾ,
ਚੀਕਾਂ ਹੱਥ ਸੱਦੇ ਏਦਾਂ [1]ਯਾਰਾਂ ਵੱਲ ਘੱਲਦਾ:-
ਨੀਂਦ ਮੱਤੀ ਸੱਸੀਏ ਨੀ ਛੇਤੀ [2] 'ਜਾਗ' 'ਲੱਸੀਏ' ਨੀ,
ਤੋੜ ਗਿਆ ਫੁੱਲ ਹੋਤਾਂ ਪੁੱਨੂੰ ਤੇਰੀ ਵੱਲ ਦਾ !
ਛੱਤ ਤੇ ਖਲੋਤੀਏ 'ਮਲਾਈਏ' ਛੈਲ ਗੋਰੀਏ ਨੀ,
ਮਾਰਕੇ ਧਿਆਨ ਹਾਲ ਵੇਖ ਲੈ ਮਹੱਲ ਦਾ !
'ਸੱਖਣਾ' ਪਿਆਰ ਤੇਰਾ ਵੇਖਿਆ ਹੈ 'ਮੱਖਣਾ' ਓਇ,
ਐਵੇਂ ਤੇਰੇ ਵਾਸਤੇ ਮੈਂ ਜਾਨ ਰਿਹਾ ਸੱਲਦਾ !
'ਖੋਯਾ' ਮੋਯਾ ਹੋਯਾ ਤੇਰੇ ਵਾਸਤੇ ਹਾਂ ਲੱਖ ਵਾਰੀ,
ਖੌਂਚਿਆਂ ਦੇ ਪਹੁੰਚੇ ਰਿਹਾ ਸਿਰ ਉੱਤੇ ਝੱਲਦਾ !
'ਦਹੀਂ' ਤੇ 'ਪਨੀਰਾ' ਮੇਰੀ ਜਾਨ ਏਦਾਂ ਟੁੱਟਦੀ ਏ,
ਨਿੱਕਲੇ ਕੜਾਕਾ ਜਿਵੇਂ ਪੈਰ ਦੀ ਕੁੜੱਲ ਦਾ !
ਗੋਰੜੀ ਨਿਛੇਹ ਸੱਸੀ ਵਾਂਗੂੰ ਹਾੜੇ ਘੱਤਦਾ ਸੀ,
ਅੱਖਾਂ ਸਾਹਵੇਂ ਆ ਗਿਆ ਨਜ਼ਾਰਾ ਸਾਰਾ ਥਲ ਦਾ !
ਕੰਮ ਕੱਢੂ ਯਾਰਾਂ ਅੱਗੋਂ ਕਿਸੇ ਨਾ ਹੁੰਗਾਰਾ ਦਿੱਤਾ,
ਵੇਖ ਵੇਖ ਦੁੱਧ ਹੈਸੀ ਹੱਥ ਪਿਆ ਮਲਦਾ !


  1. ਜੇਹੜੀਆਂ ਚੀਜ਼ਾਂ ਦੁੱਧ ਵਿਚੋਂ ਬਣਦੀਆਂ ਨੇ, ਓਹਨਾਂ ਵੱਲ।
  2. ਜਾਗ,ਲੱਸੀ, ਮਲਾਈ, ਦਹੀਂ, ਪਨੀਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ !