ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭ )

ਤੁਬਕਾ ਤੇ ਕਿਰਨਾ

ਜਿੰਦ ਜਾਨ ਮੇਰੀਏ, ਹਾਏ ਕਿਰਨੇ ਪਿਆਰੀਏ ਨੀ,
ਕੇੜ੍ਹੀ ਕੇੜ੍ਹੀ ਥਾਂ ਉੱਤੇ ਦੱਸ ਤੂੰ ਗੁਜ਼ਾਰੀ ਰਾਤ ?
ਗਲੇ ਨਾਲੋਂ ਤੋੜਕੇ ਜ਼ਮੀਨ ਉੱਤੇ ਸੁੱਟ ਗਈਓਂ,
ਰੋਂਦਾ ਰਿਹਾ ਜ਼ਾਲਮੇਂ ਵਿਛੋੜੇ ਵਿੱਚ ਸਾਰੀ ਰਾਤ !
ਫੁੱਲਾਂ ਨੇ ਵਛਾਈ ਹੈਸੀ ਸੇਜ ਭਾਵੇਂ ਅੱਖੀਆਂ ਦੀ,
ਕੰਡਿਆਂ ਤੇ ਲੇਟਿਆ ਮੈਂ ਕਈ ਕਈ ਵਾਰੀ ਰਾਤ !
ਤੇਰੇ ਕੋਲ ਜਾਣ ਲਈ ਜਦੋਂ ਵੀ ਮੈਂ ਪ੍ਯਾਰੀਏ ਨੀ,
ਵਾ ਦਿਆਂ ਘੋੜਿਆਂ ਤੇ ਕੀਤੀ ਅਸਵਾਰੀ ਰਾਤ !
ਲਿੱਸਾ ਜਿਹਾ ਦੇਖ ਮੈਂਨੂੰ ਦਾਬੇ ਮਾਰਨ ਲੱਗ ਪਈ
ਕਾਲੇ ੨ ਕੇਸਾਂ ਵਿੱਚੋਂ ਕੱਢਕੇ *'ਕਟਾਰੀ' ਰਾਤ !
ਪੈਰ ਤੇਰੇ ਧੋ ਧੋ ਕੇ ਲੱਖ ਵਾਰੀ ਪੀਂਵਦਾ ਮੈਂ,
ਬਾਗ ਵਿੱਚ ਆਉਂਦੀਓਂ ਜੇ ਚੱਲ ਇੱਕ ਵਾਰੀ ਰਾਤ !
ਸਹੁੰ ਤੇਰੀ ਅੱਖ ਦੀ, ਉਡੀਕ ਵਿਚ ਉੱਠ ਉੱਠ,
ਟੀਸੀਆਂ ਹਿਮਾਲਾ ਦੀਆਂ ਵੇਂਹਦਾ ਰਿਹਾ ਸਾਰੀ ਰਾਤ !
ਨਿੱਕੇ ਜੇਹੇ ਬੋਟ ਦੇ ਸੁਨਹਿਰੀ ਖੰਭ ਤੋੜਕੇ ਤੂੰ,
ਕੇਹੜੇ ਦੇਸ ਚਲੀ ਗਈ ਸੈਂ ਮਾਰਕੇ ਉਡਾਰੀ ਰਾਤ ?


*ਕੈਕਸ਼ਾਹ-ਅਸਮਾਨ ਦਾ ਤਾਰਿਆਂ ਭਰਿਆ ਰਾਹ ।