ਪੰਨਾ:ਸੁਨਹਿਰੀ ਕਲੀਆਂ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

ਫੁੱਲਾਂ ਦੀ ਪੁਸ਼ਾਕ, ਵਿੱਚ ਸੌ ਸੌ ਸੇਜ ਸੂਲੀਆਂ ਦੀ,
ਚੋਰੀ ਚੋਰੀ ਅੰਬਰਾਂ 'ਚੋਂ ਮੇਰੇ ਲਈ ਉਤਾਰੀ ਰਾਤ !
ਹਰ ਇਕ 'ਹੂਰ' ਮੇਰਾ *'ਮੱਛੀ-ਨਾਚ' ਵੇਖਦੀ ਸੀ,
ਖੋਲ੍ਹ ਖੋਲ੍ਹ ਅੰਬਰਾਂ ਤੋਂ ਚੰਨ ਵਾਲੀ ਬਾਰੀ ਰਾਤ !
ਸਾਗਰਾਂ ਤੋਂ ਡੂੰਘੇ ਮੇਰੇ ਸੀਨੇ ਦੇ ਖ਼ਿਆਲਾਂ ਵਿੱਚ,
ਚੰਨ ਸਣੇ ਤਾਰਿਆਂ ਦੇ ਲਾਉਂਦੀ ਰਹੀ ਤਾਰੀ ਰਾਤ !
ਸੁੰਜੜੇ ਬਗ਼ੀਚੇ ਵਿੱਚ ਰੋ ਰੋ ਹੌੱਕੇ ਮਾਰਦਾ ਸਾਂ,
ਚੁੱਕੀ ਸੀ ਉਦਾਸੀਆਂ ਦੀ ਸਿਰ ਉੱਤੇ ਖਾਰੀ ਰਾਤ !
ਚਿੱਟੇ ਚਿੱਟੇ ਤਾਰਿਆਂ ਜਹੇ ਮੂੰਹ ਤੋਂ ਚਟਾਕ ਉੱਡੇ,
ਖੋਲ੍ਹ ਖੋਲ੍ਹ ਮੇਢੀਆਂ ਰਹੀ ਪਿੱਟਦੀ ਵਿਚਾਰੀ ਰਾਤ !
ਤੇਰੀਆਂ ਸਹੇਲੀਆਂ ਈ ਤੇਰੇ ਕੋਲੋਂ ਚੰਗੀਆਂ ਨੇ,
ਚੰਨ ਦੀਆਂ ਰਿਸ਼ਮਾਂ ਨੇ ਹਿੱਕ ਮੇਰੀ ਠਾਰੀ ਰਾਤ !
ਨਿੰਮੀ ਨਿੰਮੀ ਚਾਨਣੀ 'ਚ ਚਾਂਦੀ ਦੀ ਰੰਗੀਲ ਚਰਖੀ,
ਡਾਹ ਬੈਠੀ ਮੇਰੇ ਸਾਹਵੇਂ ਰਾਜ-ਕੁਮਾਰੀ ਰਾਤ !
ਕੱਤਕੇ ਬਰੀਕ ਸੂਤ 'ਰਿਸ਼ਮਾਂ' ਮੁਕਾਈ ਸਾਰੀ,
ਤਾਰੇ ਰੂਪੀ ਗੋੜ੍ਹਿਆਂ ਦੀ ਭਰਕੇ ਪਟਾਰੀ ਰਾਤ !
ਚੁਣ ਚੁਣ ਤਾਰਿਆਂ ਦੀ ਗਾਨੀ ਭੀ ਮੈਂ ਗਲ ਪਾਈ,
ਫੇਰ ਭੀ ਨਾਂ 'ਕੰਨ ਪਾਈ ਗੱਲ' ਚੰਚਲ ਹਾਰੀ ਰਾਤ !
ਹੁਸਨ ਨੇ ਸਿਖਾਈਆਂ ਜਹੀਆਂ ਸ਼ੋਖੀਆਂ ਅਦਾਵਾਂ ਆਕੇ,
ਬ੍ਰਿਹੋਂ ਤੇ ਪ੍ਰੇਮ ਲਈ ਬਣ ਗਈ ਸ਼ਿਕਾਰੀ ਰਾਤ !


  • ਤੜਫਨਾ ।