ਪੰਨਾ:ਸੁਨਹਿਰੀ ਕਲੀਆਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧ )

ਸੱਧਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ,
ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ:-
ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ,
ਖਿੱਚਕੇ ਦੁਗਾੜਾ ਖ਼ੂੰਨੀ ਨੈਣਾਂ ਵਿੱਚੋਂ ਮਾਰਿਆ !
ਕਾਲੀ ਕਾਲੀ ਜ਼ੁਲਫ਼ਾਂ ਦੇ ਕੁੰਡਲਾਂ ਤੇ ਵਲਾਂ ਵਿੱਚ,
ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ !
ਬਿੱਟ ਬਿੱਟ ਵੇਂਹਦੇ ਉਹਨੂੰ, ਉਸ ਨਾਰੀ ਪੁੱਛਿਆ ਏਹ:-
'ਏਥੇ ਕਿਉਂ ਖਲੋ ਰਿਹਾ ਏਂ ਏਦਾਂ ਤੂੰ ਵਿਚਾਰਿਆ ?'
ਹੰਝੂਆਂ ਨੂੰ ਪੂੰਝਦੇ ਨੇ ਦਿੱਤਾ ਇਹ ਜਵਾਬ ਅੱਗੋਂ:-
'ਤੇਰੀ ਮੋਹਨੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ !
ਅੱਖੀਓਂ ਪਰੋਖੇ ਹੋਣਾ ਮੁੱਖ ਤੇਰਾ, ਮੌਤ ਮੇਰੀ,
ਸੋਮਾ ਹੈ ਮੈਂ ਜ਼ਿੰਦਗੀ ਦਾ ਦਰਸ ਤੇਰਾ ਧਾਰਿਆ !'
ਬੋਲੀ ਮੁਟਿਆਰ ਅੱਗੋਂ, 'ਪਿਆਰ ਦੇ ਪੁਜਾਰੀਆ ਵੇ,
ਮੈਂ ਭੀ ਤੈਨੂੰ ਥੋੜਾ ਜਿਹਾ ਚਾਹਨੀਆਂ ਵੰਗਾਰਿਆ !
ਕੱਢਕੇ ਲਿਆ ਦੇਂ ਜੇ ਤੂੰ ਦਿਲ ਮਾਤਾ ਆਪਣੀ ਦਾ,
ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂ ਗੀ ਕਵਾਰਿਆ !'
ਏਨੀ ਗੱਲ ਸੁਣੀਂ ਤੇ ਉਹ ਨੱਸਾ ਨੱਸਾ ਘਰ ਆਇਆ,
ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ !
ਸਗਨਾਂ ਦੀ ਮਹਿੰਦੀ ਜਿਨ੍ਹੇ ਹੱਥਾਂ ਉੱਤੇ ਲਾਵਨੀ ਸੀ,
ਘੋੜੀਆਂ ਸੁਹਾਗ ਗਉਂਕੇ ਚੰਨਾ ਮਾਹੀਆ ਤਾਰਿਆ !
ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲਕੇ ਤੇ,
ਵੇਖੋ ਖ਼ੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ !