ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਜਣਾਂ ਬਗੀਚਿਉਂ ਗੁਲਾਬ ਭੇਜਿਆ ।
ਬਿਨਾ ਲਿਖੇ ਖ਼ਤ ਦਾ ਜਵਾਬ ਭੇਜਿਆ ।

ਰਾਤ ਮੇਰੀ ਹਿੱਕੜੀ 'ਚ ਸਹਿਕਦਾ ਰਿਹਾ,
ਦਿਨ ਚੜ੍ਹੇ ਜਿਹੜਾ ਤੂੰ ਖ਼੍ਵਾਬ ਭੇਜਿਆ ।

ਅੰਗ ਅੰਗ ਮਹਿਕਿਆ ਸਰੂਰਿਆ ਗਿਆ,
ਸ਼ਬਦਾਂ 'ਚ ਗੁੰਨ੍ਹ ਕੀਹ ਜਵਾਬ ਭੇਜਿਆ ।

ਓਸ ਪਿੱਛੋਂ ਫੇਰ ਕੁਝ ਯਾਦ ਨਾ ਰਿਹਾ,
ਸਾਂਭ ਲਿਆ ਜਿਹੜਾ ਤੂੰ ਸ਼ਬਾਬ ਭੇਜਿਆ ।

ਦਿਲ ਵਿੱਚ ਰੱਖਿਆ ਸਵਾਸ ਵਾਂਗਰਾਂ,
ਹੌਕੇ ਦਾ ਜਵਾਬ ਮੈਂ ਸ਼ਤਾਬ ਭੇਜਿਆ ।

ਵੇਖ ਲੈ ਸਜਾਇਆ ਇਹਨੂੰ ਤਮਗੇ ਦੇ ਵਾਂਗ,
ਮੇਰੇ ਲਈ ਜਿਹੜਾ ਤੂੰ ਖ਼ਿਤਾਬ ਭੇਜਿਆ ।

ਸਾਡੇ ਵੱਲ ਭੇਜ ਹੋਰ ਸੰਦਲੀ ਸਮੀਰ,
ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ ।

10