ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਦੱਸਾਂ ਨੀ ਖੁਸ਼ਬੂ ਜਹੀਏ, ਮੈਂ ਤੇ ਹਰ ਪਲ ਏਹੋ ਚਾਹਵਾਂ।
ਕੰਡੇ ਕੰਡੇ ਆਪ ਚੁਗਾਂ ਤੇ ਹਰ ਫੁੱਲ ਤੇਰੀ ਝੋਲੀ ਪਾਵਾਂ।

ਜ਼ਿੰਦਗੀ ਦੇ ਉਪਰਾਮ ਪਲਾਂ ਨੂੰ ਚੂਸ ਲਵਾਂ ਸ਼ਿਵ ਰੂਪ ਧਾਰ ਕੇ,
ਰੂਹ ਦੇ ਨਗਨ ਵਜੂਦ ਨੂੰ ਜਿੰਦੇ ਸਿਖ਼ਰ ਪਹਾੜੀ ਨਾਚ ਨਚਾਵਾਂ।

ਕਈ ਜਨਮਾਂ ਦੇ ਹਿਜਰਾਂ ਮਗਰੋਂ, ਵਸਲ ਦੀਆਂ ਦੋ ਘੜੀਆਂ ਮਿਲੀਆਂ,
ਮੈਂ ਜਿੰਦੜੀ ਦਾ ਮਾਸ ਖੁਆ ਕੇ, ਕਿਉਂ ਸ਼ਿਕਰੇ ਨੂੰ ਯਾਰ ਬਣਾਵਾਂ।

ਚਾਰ ਚੁਫ਼ੇਰੇ ਭੀੜ ਬੜੀ ਹੈ, ਵੰਨ ਸੁਵੰਨੇ ਸ਼ੋਰ ਦਾ ਜੰਗਲ,
ਮਨ ਦਾ ਮੋਰ ਧਰਤ ਨੂੰ ਸਹਿਕੇ, ਕਿਹੜੀ ਥਾਂ ਤੇ ਪੈਲਾਂ ਪਾਵਾਂ।

ਪੱਤਝੜ ਦੇ ਮੌਸਮ ਵਿੱਚ ਮਿਲਿਓਂ, ਹੁਣ ਕਾਹਨੂੰ ਮਹਿਕੰਦੜੇ ਯਾਰਾ,
ਹੁਣ ਤਾਂ ਮੇਰੇ ਅਪਣੇ ਸਿਰ 'ਤੇ ਬਿਰਖ਼ ਨਿਪੱਤਰੇ ਵਿਰਲੀਆਂ ਛਾਵਾਂ।

ਮੇਰੇ ਘਰ ਵਿਚ ਇੱਕ ਦਰਿਆ ਹੈ, ਸ਼ਾਂਤ ਵਗੇ ਭਰਪੂਰ ਨਿਰੰਤਰ,
ਤਾਂ ਹੀ ਤਪਸ਼ ਨਾ ਆਵੇ ਨੇੜੇ, ਜਦ ਚਾਹਵਾਂ ਮੈਂ ਤਾਰੀ ਲਾਵਾਂ।

ਮੇਰੇ ਅੰਦਰ ਬਾਹਰ ਨੇ ਬਹਿੰਦੇ, ਜੋ ਮੇਰੇ ਵਿਸ਼ਵਾਸ ਦੇ ਪਾਤਰ,
ਰਿਸ਼ਤੇ ਨਾਤੇ ਵਣਜ ਬਾਜ਼ਾਰੀ, ਸੱਚ ਮੰਨੀਂ ਮੈਂ ਮੂੰਹ ਨਾ ਲਾਵਾਂ।

100