ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਦਿੱਤਾ ਜ਼ਖ਼ਮ ਮੈਂ ਕਿਹੜਾ ਜਰਿਆ ਨਹੀਂ।
ਗੱਲ ਵੱਖਰੀ ਹੈ ਤੇਰਾ ਦਿਲ ਹੀ ਭਰਿਆ ਨਹੀਂ।

ਵਰਕਾ ਵਰਕਾ ਪਾੜਣ ਵਾਲੇ ਕਿੱਧਰ ਗਏ,
ਹਰ ਦੁਸ਼ਮਣ ਤੋਂ ਸ਼ਬਦ ਕਦੇ ਵੀ ਹਰਿਆ ਨਹੀਂ।

ਹਮਲਾਵਰ ਦੇ ਏਨੇ ਹਮਲੇ ਜਰ ਬੈਠਾਂ,
ਅੱਜ ਤੱਕ ਮੈਂ ਵੀ ਪੈਰ ਪਿਛਾਂਹ ਨੂੰ ਧਰਿਆ ਨਹੀਂ।

ਮਾਰਨ ਤੀਰ ਨਿਸ਼ਾਨੇ ਦੀ ਥਾਂ, 'ਨ੍ਹੇਰੇ ਵਿੱਚ,
ਹੁਣ ਤੱਕ ਤਾਂਹੀਉਂ, ਇੱਕ ਵੀ ਰਾਵਣ ਮਰਿਆ ਨਹੀਂ।

ਜ਼ਿੰਦਗੀ ਨਾਲੋਂ ਮੌਤ ਪਿਆਰੀ, ਸਮਝਣ ਜੋ,
ਆਜ਼ਾਦੀ ਨੂੰ ਉਨ੍ਹਾਂ ਤੋਂ ਬਿਨ, ਵਰਿਆ ਨਹੀਂ।

ਦਾਅਵੇਦਾਰ ਬਥੇਰੇ ਸੁਖ ਦੇ, ਸਾਥ ਬੜੇ,
ਦਰਦ ਸਮੁੰਦਰ ਸਾਡੇ ਤੋਂ ਬਿਨ, ਤਰਿਆ ਨਹੀਂ।

ਧਰਤ ਪਿਆਸੀ ਤਰਸ ਗਈ, ਘੱਟ ਪਾਣੀ ਨੂੰ,
ਭਰ ਕੇ ਇੱਕ ਵੀ ਵਗਦਾ ਹੁਣ ਤੇ ਦਰਿਆ ਨਹੀਂ।

103