ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੰਗਲੇ ਚੂੜੇ ਵਾਲੀ ਧੀ ਨੂੰ ਸੁਪਨਿਆਂ ਖ਼ਾਤਰ ਅੰਬਰ ਦੇਵੀਂ।
ਧਰਤੀ ਦੀ ਮਰਯਾਦਾ ਬਖਸ਼ੀਂ, ਤਰਨ ਲਈ ਵੀ ਸਾਗਰ ਦੇਵੀਂ।

ਧਰਤ ਧਰੇਕ ਤੇ ਧੀਆਂ ਤਿੰਨੇ, ਪਾਲਣਹਾਰੀਆਂ ਕੁੱਲ ਸ਼੍ਰਿਸ਼ਟੀ,
ਨਾ ਕੁਮਲਾਵਣ ਪਾਣੀ ਬਾਝੋਂ, ਮਾਣ ਮੁਹੱਬਤ ਵਾਫ਼ਰ* ਦੇਵੀਂ।

ਲਾਵਾਂ ਚਾਰ ਜਾਂ ਸੱਤ ਕੁ ਫੇਰੇ, ਭਾਵੇਂ ਰਸਮ ਨਿਕਾਹ ਦੀ ਹੋਵੇ,
ਰਿਸ਼ਤੇ ਵਾਲੀ ਲਾਜ ਪੜ੍ਹਾਵੀਂ, ਦਿਲ ਦੇ ਵਿਹੜੇ ਆਦਰ ਦੇਵੀਂ।

ਦੁੱਖ ਤੇ ਸੁਖ ਦੇ ਰਿਸ਼ਤੇ ਨਾਤੇ, ਵੰਨ ਸੁਵੰਨਾ ਭਾਈਚਾਰਾ,
ਧਰਤੀ ਜਿੱਡੀ ਸਿਦਕਣ ਹਿੱਕੜੀ, ਅੰਬਰ ਜਿੱਡੀ ਚਾਦਰ ਦੇਵੀਂ।

ਸਿਰ ਤੇ ਰਹੇ ਸਲਾਮਤ ਰਹਿਮਤ, ਚੌਗਿਰਦੇ ਦੀ ਬਖਸ਼ ਨਿਰੰਤਰ,
ਚਾਰ ਦੀਵਾਰੀ ਅੰਦਰ ਕੈਦੀ, ਰੱਬ ਨਾ ਅੱਲ੍ਹਾ, ਕਾਦਰ ਦੇਵੀਂ।

ਮਾਏ ਨੀ ਸੁਣ ਮੇਰੀਏ ਮਾਏ, ਬਾਬਲ ਤੋਂ ਕੁਝ ਹੋਰ ਨਾ ਮੰਗਾਂ,
ਉੱਡਣ ਖ਼ਾਤਰ ਚੇਤਨ ਬੁੱਧੀ, ਗਿਆਨ ਦੀ ਭਰ ਕੇ ਗਾਗਰ ਦੇਵੀਂ।

ਸਾਹਾਂ ਦਾ ਸਰਮਾਇਆ ਹੋਵੇ, ਦਮ ਦਮ ਰੂਹ ਦੀ ਤਰਬ ਹਿਲਾਵੇ,
ਸਿਰ ਦਾ ਸਾਈਂ ਬਣ ਨਾ ਬੈਠੇ, ਬੱਸ ਵਿਸ਼ਵਾਸ ਦਾ ਪਾਤਰ ਦੇਵੀਂ।

  • ਲੋੜ ਤੋਂ ਵਧੇਰੇ

108