ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛਾਂਗਿਆ ਬਿਰਖ਼ ਉਦਾਸ ਖੜ੍ਹਾ ਹੈ, ਲੱਭਦਾ ਟੁੱਕੀਆਂ ਟਾਹਣੀਆਂ ਨੂੰ।
ਅੱਖੀਆਂ ਭਰ ਕੇ ਰੋ ਪੈਂਦਾ ਹੈ, ਕਰ ਕਰ ਚੇਤੇ ਹਾਣੀਆਂ ਨੂੰ।

ਸ਼ਮਲੇ ਵਾਲੀ ਪੱਗ ਦੇ ਢਿੱਲੇ ਪੇਚ ਜਦੋਂ ਵੀ ਚਿਣਦਾ ਹਾਂ,
ਕਾਬਲ ਤੀਕ ਪੰਜਾਬ ਸੀ ਮੇਰਾ, ਕਰਦਾਂ ਯਾਦ ਕਹਾਣੀਆਂ ਨੂੰ।

ਹੁਣ ਨਸ਼ਿਆਂ ਦਾ ਛੇਵਾਂ ਦਰਿਆ ਕਿਉਂ ਕਹਿੰਦੇ ਹੋ ਕਮਅਕਲੋ,
ਗੰਦਾ ਨਾਲ਼ਾ ਕਿਉਂ ਨਹੀਂ ਕਹਿੰਦੇ, ਇਨ੍ਹਾਂ ਜ਼ਹਿਰੀ ਪਾਣੀਆਂ ਨੂੰ।

ਮੇਰੇ ਗਲ ਵਿੱਚ ਗੰਢ ਪੀਚਵੀਂ, ਖੋਲ੍ਹਣ ਵਾਲੇ ਕਿੱਧਰ ਗਏ,
ਆਪ ਜੁਲਾਹੇ ਗੜਬੜ ਕੀਤੀ, ਕਿੰਜ ਸੁਲਝਾਵਾਂ ਤਾਣੀਆਂ ਨੂੰ।

ਮੱਝ ਵੇਚ ਕੇ ਘੋੜੀ ਲੈ ਲਈ, ਗੜਵੀ ਲੈ ਕੇ ਫਿਰਦੇ ਹਾਂ,
ਰੋਂਦੇ ਹਾਂ ਹੁਣ ਚੇਤੇ ਕਰ ਕਰ, ਚਾਟੀਆਂ ਅਤੇ ਮਧਾਣੀਆਂ ਨੂੰ।

ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ, ਪੰਜ ਦਰਿਆਈ ਕਲਗੀ ਸੀ,
ਹੱਸਦੇ ਨੇ ਜਦ ਦੱਸਦਾ ਹਾਂ ਮੈਂ, ਗੱਦੀ ਬੈਠੇ ਬਾਣੀਆਂ ਨੂੰ।

ਪੰਜ ਦਰਿਆ ਪੰਜਾਬ ਸੀ ਮੈਂ ਤਾਂ, ਸਾਂਝੀ ਤਾਕਤ ਕਿੱਧਰ ਗਈ,
ਸਤਿਲੁਜ, ਬਿਆਸ, ਝਨਾਂ ਤੇ ਰਾਵੀ, ਪੁੱਛਦੇ ਜੇਹਲਮ ਪਾਣੀਆਂ ਨੂੰ।

109