ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਦੀਆਂ ਤੋਂ ਹੀ ਲੋਕ ਵਿਚਾਰੇ, ਮੁਕਤੀਆਂ ਖ਼ਾਤਰ ਸੋਚ ਰਹੇ ਨੇ।
ਚਤਰ ਸ਼ਿਕਾਰੀ ਰੀਝਾਂ ਸੁਪਨੇ, ਨਾਲੋ ਨਾਲ ਦਬੋਚ ਰਹੇ ਨੇ।

ਸਾਡੇ ਬੱਚਿਆਂ ਦੇ ਮੱਥਿਆਂ ਤੇ, ਖ਼ੁਰਚਣਗੇ ਹੁਣ ਏ. ਬੀ. ਸੀ. ਡੀ.,
ਊੜੇ ਐੜੇ ਵਾਲੀ ਤਖ਼ਤੀ ਗੂੜ੍ਹ ਗਿਆਨੀ ਪੋਚ ਰਹੇ ਨੇ।

ਹੇ ਗੁਰੂਦੇਵ ਸੁਮੱਤਿਆ ਬਖ਼ਸ਼ੀਂ, ਲਾਡਲਿਆਂ ਨੂੰ ਰਾਹ ਪਾਵੀਂ, ਜੋ,
ਬਾਜ਼ਾਂ ਦੀ ਧਿਰ ਪਾਲ ਰਹੇ ਨੇ, ਚਿੜੀਆਂ ਦੇ ਖੰਭ ਨੋਚ ਰਹੇ ਨੇ।

ਹਰ ਯੁਗ ਵਿੱਚ, ਵਣਜਾਰਿਆਂ ਹੱਥੋਂ, ਸੱਸੀ ਨੇ ਤਾਂ ਮਰਨਾ ਹੀ ਸੀ,
ਕਿੱਦਾਂ ਤੋੜ ਮੁਹੱਬਤ ਚੜ੍ਹਦੀ, ਜਿਸ ਦੇ ਯਾਰ ਬਲੋਚ ਰਹੇ ਨੇ।

ਫ਼ੇਰ ਚੌਰਾਸੀ ਚੇਤੇ ਕਰਕੇ, ਚੋਣ ਬੁਖ਼ਾਰ ਦੇ ਮੌਸਮ ਅੰਦਰ,
ਕੁਰਸੀ ਖ਼ਾਤਰ ਨਾਰਦ ਟੋਲੇ, ਮੁੜ ਕੇ ਜ਼ਖ਼ਮ ਖ਼ਰੋਚ ਰਹੇ ਨੇ।

ਬੇ-ਇਖ਼ਲਾਕੇ ਨਾਚ ਨਚਾਉਂਦੇ, ਮਾਣ ਮਰਤਬੇ ਕਲਗੀ ਖ਼ਾਤਰ,
ਕਿਹੜੇ ਲੋਕੀਂ, ਆਪ ਸਮਝ ਲਉ, ਮੇਵੇ ਮੇਵੇ ਬੋਚ ਰਹੇ ਨੇ।

ਰਾਤ ਹਨ੍ਹੇਰੀ ਅੰਦਰ ਜੁਗਨੂੰ, ਜਗਦੇ ਨੇ, ਪਰ ਦਿਸਦੇ ਕਿਉਂ ਨਾ,
ਬੰਦ ਕਮਰੇ ਦੇ ਕੈਦੀ ਹੋਏ, ਉੱਡਣੇ ਪੁੱਡਣੇ ਸੋਚ ਰਹੇ ਨੇ।

111