ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਜਨਮਾਂ ਤੋਂ ਵਿੱਛੜੇ ਆਪਾਂ, ਆ ਜਾ ਦੋਵੇਂ ਇੱਕ ਸਾਹ ਹੋਈਏ।
ਕੋਸ਼ਿਸ਼ ਕਰੀਏ, ਘੁਲ਼ ਮਿਲ਼ ਜਾਈਏ, ਧੜਕਣ ਅੰਦਰ ਨਬਜ਼ ਪਰੋਈਏ।

ਰੋਜ਼ ਉਡੀਕਣ ਬਿਖੜੇ ਪੈਂਡੇ, ਘੁੰਮਣ ਘੇਰ ਹਨ੍ਹੇਰੀਆਂ ਗਲੀਆਂ,
ਡਰਦਿਆਂ ਨੂੰ ਇਹ ਹੋਰ ਡਰਾਵਣ, ਆ ਜਾ ਚਾਨਣ ਚਾਨਣ ਹੋਈਏ।

ਮਨ ਦੀ ਖੋਟ ਨਿਹਾਰਨ ਖ਼ਾਤਰ, ਅੰਗ ਸੰਗ ਰੱਖੀਏ ਨਿਰਮਲ ਸ਼ੀਸ਼ਾ,
ਰੋਜ਼ ਰਾਤ ਨੂੰ ਇਸ ਵਿੱਚ ਤੱਕੀਏ, ਰੂਹ ਦੇ ਮੈਲ਼ੇ ਵਸਤਰ ਧੋਈਏ।

ਦੋ-ਅਮਲੀ ਵਿਚ ਘਿਰ ਗਏ ਆਪਾਂ, ਪੁੱਤ ਨੂੰ ਕਹੀਏ ਜੀਣ ਜੋਗਿਆ,
ਘਰ ਵਿੱਚ ਜੰਮੀ ਜਾਈ ਧੀ ਨੂੰ, ਖ਼ੁਦ ਕਹਿੰਦੇ ਹਾਂ ਆਪਾਂ ਮੋਈਏ।

ਜਿਸਮਹੀਣ ਮਹਿਕੰਦੀਆਂ ਪੌਣਾਂ, ਸਾਹਾਂ ਵਿੱਚ ਰਮਾ ਲੈ ਤੂੰ ਵੀ,
ਸੁੱਚੇ ਸੁਰਖ਼ ਗੁਲਾਬ ਦੀ ਜਾਈਏ, ਸਿਰ ਤੋਂ ਪੈਰਾਂ ਤੱਕ ਖੁਸ਼ਬੋਈਏ।

ਜਿਸ ਰਿਸ਼ਤੇ ਦਾ ਨਾਮ ਨਾ ਕੋਈ, ਪਰ ਇਉਂ ਲੱਗਦੈ ਅਜ਼ਲਾਂ ਤੋਂ ਹੈ,
ਆ ਜਾ ਦੋਵੇਂ ਸ਼ਗਨਾਂ ਵਾਲਾ, ਰਲ਼ ਕੇ ਤੇਲ ਬਰੂਹੀਂ ਚੋਈਏ।

ਧਰਤੀ ਜਿੱਡੀ ਹਿੱਕੜੀ ਅੰਦਰ, ਅੰਬਰੋਂ ਉੱਚਾ ਖ੍ਵਾਬ ਬੀਜੀਏ,
ਕੁਲ ਆਲਮ ਦੀ ਸ਼ਕਤੀ ਬਣੀਏ, ਨੀ ਸੋਚੇ ਨੀ ਨਵੀਂ ਨਰੋਈਏ।

117