ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਰੂਹ ਦੇ ਅੰਦਰਵਾਰ ਕਿਤੇ, ਇਹ ਜਗਦਾ ਮਘਦਾ ਨੂਰ ਜਿਹਾ।
ਰਾਵੀ ਦੇ ਨਿਰਮਲ ਪੱਤਣਾਂ ਤੇ, ਜਿਵੇਂ ਸੂਰਜ ਸੁਰਖ਼ ਸਰੂਰ ਜਿਹਾ।

ਦਿਲ ਵਾਲੀ ਕੋਮਲ ਤਖ਼ਤੀ ਤੇ, ਆਹ ਲਿਖੀ ਇਬਾਰਤ ਕੌਣ ਪੜ੍ਹੇ,
ਜਿਸ ਮਹਿਰਮ ਨੇ ਇਹ ਲਿਖ ਭੇਜੇ, ਬੇਜਿਸਮਾ ਹੈ ਕਾਫ਼ੂਰ ਜਿਹਾ।

ਤੂੰ ਸੱਚ ਦੱਸੀਂ ਬਈ ਏਸ ਤਰ੍ਹਾਂ, ਕਿਉਂ ਸੱਚੀਂ ਮੈਂ ਮਹਿਸੂਸ ਕਰਾਂ,
ਤੂੰ ਮੇਰਾ ਬਿਲਕੁਲ ਮੇਰਾ ਹੈਂ, ਕਿਰਨਾਂ ਦਾ ਪਹਿਲਾ ਪੂਰ ਜਿਹਾ।

ਉਸ ਪਲ ਦਾ ਲੱਖ ਸ਼ੁਕਰਾਨਾ ਹੈ, ਜਦ ਪਹਿਲਾ ਬੋਲ ਸੁਣਾਇਆ ਤੂੰ,
ਨਾ ਮਗਰੋਂ ਮੈਨੂੰ ਹੋਸ਼ ਰਹੀ, ਅੱਜ ਤੀਕਰ ਹਾਂ ਮਖ਼ਮੂਰ ਜਿਹਾ।

ਦਿਨ ਚੜ੍ਹਿਆ ਤੇ ਮੈਂ ਪੜ੍ਹਿਆ ਹੈ, ਸ਼ੀਸ਼ੇ 'ਚੋਂ ਅਪਣੇ ਚਿਹਰੇ ਨੂੰ,
ਤੂੰ ਹਾਜ਼ਰ ਨਾਜ਼ਰ ਨੈਣਾਂ ਵਿਚ, ਮਨ ਤਾਂ ਹੀ ਤਾਂ ਪੁਰਨੂਰ ਜਿਹਾ।

ਅੰਬਰ ਤੇ ਧਰਤੀ ਜਿਹੜੀ ਥਾਂ, ਗਲਵੱਕੜੀ ਪਾ ਕੇ ਮਿਲਦੇ ਨੇ,
ਮੈਂ ਤੜਫ਼ ਗਿਆਂ ਉਹ ਵੇਖਣ ਨੂੰ, ਅਣਮਿਣਵਾਂ ਪੈਂਡਾ ਦੂਰ ਜਿਹਾ।

ਮੁਸਕਾਨ ਭੇਜ ਦੇ ਸੱਜਰੀ ਜਹੀ, ਚੰਬੇ ਦੀ ਖੁਸ਼ਬੂ ਨਾਲ ਭਰੀ,
ਇਸ ਮਨ ਦੇ ਸੱਖਣੇ ਭਾਂਡੇ ਨੂੰ, ਤੂੰ ਕਰਦੇ ਫਿਰ ਭਰਪੂਰ ਜਿਹਾ।

118