ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿਚ।
ਰੌਣਕਾਂ ਕਮਾਲ, ਮੇਲਾ ਲੱਗਿਆ ਦੁਕਾਨਾਂ ਵਿੱਚ।

ਜ਼ਿੰਦਗੀ ਟਿਊਬ ਰੇਲ ਵਾਂਗਰਾਂ ਲੰਘਾਈ ਸਾਰੀ,
ਨਜ਼ਰਾਂ ਟਿਕਾਵਾਂ ਕਿਵੇਂ ਉੱਚੇ ਅਸਮਾਨਾਂ ਵਿੱਚ।

ਸੜਕਾਂ ਚੌਮਾਰਗੀ, ਛੇਮਾਰਗੀ ਤੋਂ ਵੱਧ ਭਾਵੇਂ,
ਜ਼ਿੰਦਗੀ ਦੀ ਗੱਡ ਸਾਡੀ ਹਾਲੇ ਵੀ ਖ਼ਤਾਨਾਂ ਵਿੱਚ।

ਕਾਲ਼ੀ ਕਰਤੂਤ ਦਾ ਕਮਾਲ ਚਿੱਟੇ ਦਿਨ ਵੇਖੋ,
ਸੁੰਨੀਆਂ ਨੇ ਸੱਥਾਂ, ਭੀੜ ਦਿਸੇ ਸ਼ਮਸ਼ਾਨਾਂ ਵਿੱਚ।

ਅਕਲਾਂ ਦੀ ਘਾਟ ਹੈ ਗਿਆਨ ਵਾਲੇ ਮੰਦਰਾਂ 'ਚ,
ਹੈ ਨਹੀਂ ਕਿਰਪਾਨ ਤਿੱਖੀ, ਗੱਤੇ ਦੇ ਮਿਆਨਾਂ ਵਿਚ।

ਵੇਚਦੇ ਨੇ ਜ਼ਹਿਰ ਤੇ ਸਿਆਸਤਾਂ ਸਵੇਰ ਸ਼ਾਮ,
ਮਾਖਿਓਂ ਮੁਖ਼ੀਰ ਕਿਵੇਂ ਰੱਖਦੇ ਜ਼ਬਾਨਾਂ ਵਿੱਚ।

ਲਾਇਆ ਕਿੱਥੇ ਡੇਰਾ, ਪਿੰਡ ਬੜਾ ਪਿੱਛੇ ਰਹਿ ਗਿਆ ਏ,
ਨੀਂਦਰਾਂ ਗਵਾਚ ਗਈਆਂ, ਕੱਚ ਦੇ ਮਕਾਨਾਂ ਵਿੱਚ।

119