ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜਾ ਸੋਚਿਆ ਕਿ ਤੈਨੂੰ ਹੋਰ ਕੁਝ ਵੀ ਨਹੀਂ ਕਹਿਣਾ।
ਪਰ ਕਰਾਂ ਕੀ ਮੈਂ ਸੌਖਾ ਨਹੀਉਂ, ਚੁੱਪ ਤੇਰੀ ਸਹਿਣਾ।

ਮੇਰੇ ਵਿਹੜੇ ਦੀ ਬਗੀਚੜੀ 'ਚ ਖਿੜੇ ਕਿੰਨੇ ਫੁੱਲ,
ਕਰ ਇਨ੍ਹਾਂ ਨੂੰ ਪਿਆਰ, ਨਾਲੇ ਕਹਿ ਦੇ ਜੋ ਵੀ ਕਹਿਣਾ।

ਲਾਹ ਦੇ ਮੱਥੇ ਤੋਂ ਤਿਊੜੀ, ਸੋਹਣੇ ਚੰਨ ਉੱਤੋਂ ਦਾਗ਼,
ਤੰਦ ਮੈਲ਼ ਵਾਂਗੂ ਫੇਰ ਇਹਨੇ ਮਗਰੋਂ ਨਹੀਂ ਲਹਿਣਾ।

ਚੱਲ ਸੇਕ ਤੋਂ ਬਚਾਈਏ ਸੂਹੇ ਸੁਪਨੇ ਸੰਧੂਰੀ,
ਬਹੁਤਾ ਚੰਗਾ ਨਹੀਉਂ ਹੁੰਦਾ ਐਵੇਂ ਅੱਗ ਨਾਲ ਖਹਿਣਾ।

ਤੇਰੀ ਮਿੱਠੀ ਮੁਸਕਾਨ ਵੇਖ ਡੋਲਦੈ ਈਮਾਨ,
ਕਿਹੜੇ ਜੰਦਰੇ ਦੇ ਪਿੱਛੇ ਨੂੰ ਸੰਭਾਲ ਬੈਠੀ ਗਹਿਣਾ।

ਕਾਲ਼ੇ ਲੇਖਾਂ ਵਿਚ ਰੇਖ ਮੇਰੇ ਮਾਰ ਕੇ ਤਾਂ ਵੇਖ,
ਵਾਹੇ ਚਾਨਣੀ ਲਕੀਰ, ਜਿਵੇਂ ਰਾਤ ਨੂੰ ਟਟਹਿਣਾ।

ਮੇਰੀ ਇੱਕ ਗੱਲ ਮੰਨ, ਬਣ ਪੁੰਨਿਆ ਦਾ ਚੰਨ,
ਨਾਲੇ ਕਰ ਇਕਰਾਰ ਸਦਾ ਅੰਗ ਸੰਗ ਰਹਿਣਾ।

120