ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਸਾਹਾਂ 'ਚ ਜੇ ਕੁਝ ਤਾਜ਼ਗੀ ਹੈ।
ਇਹ ਤੇਰੇ ਇਸ਼ਕ ਦੀ ਦਰਿਆਦਿਲੀ ਹੈ।

ਨਿਦੋਸ਼ਾ ਤੇਗ ਤੋਂ ਡਰਿਆ ਨਹੀਂ ਜੇ,
ਭਰਾਓ! ਏਹੀ ਤਾਂ ਮਰਦਾਨਗੀ ਹੈ।

ਮੁਸੀਬਤ ਆਉਣ ਤੇ ਵੀ ਮੁਸਕਰਾਉਣਾ,
ਮਿਲੀ ਵਿਰਸੇ 'ਚ ਏਹੀ ਸਾਦਗੀ ਹੈ।

ਮਿਲੋ ਤਾਂ ਮਹਿਕ ਵਾਂਗੂ ਫ਼ੈਲ ਜਾਉ,
ਅਸਲ ਵਿੱਚ ਇਸ ਦਾ ਨਾਂ ਬੰਦਗੀ ਹੈ।

ਮੈਂ ਬਾਜ਼ੀ ਜਾਨ ਦੀ ਲਾਈ ਹੈ ਫਿਰ ਵੀ,
ਤੂੰ ਹਾਲੇ ਸਮਝਦੈਂ ਇਹ ਦਿਲ-ਲਗੀ ਹੈ।

ਮੈਂ ਹੁੰਦਾ ਜ਼ੁਲਮ ਵੇਖਾਂ, ਚੁੱਪ ਬੈਠਾਂ,
ਤੇ ਇਸ ਤੋਂ ਵੱਧ ਕਿਹੜੀ ਬੁਜ਼ਦਿਲੀ ਹੈ।

ਚਲੋ! ਓਥੇ ਵੀ ਕਲਮਾਂ ਬੀਜ ਆਈਏ,
ਜਿਹੜੇ ਖੇਤੀਂ ਅਜੇ ਵੀਰਾਨਗੀ ਹੈ।

124