ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਹਲੀ ਕਾਹਲੀ ਹਰ ਪਲ ਕਾਹਲੀ, ਕੁਝ ਪਲ ਮੇਰੇ ਕੋਲ ਤਾਂ ਬਹਿ ਜਾ।
ਚੁੱਪ ਦਾ ਪਰਬਤ ਰੂਹ ਤੋਂ ਲਾਹ ਦੇ, ਮੇਰੀ ਸੁਣ ਲੈ, ਆਪਣੀ ਕਹਿ ਜਾ।

ਸੁਪਨਾ ਢਾਲ ਹਕੀਕਤ ਦੇ ਵਿੱਚ, ਅਮਲ ਕਰਨਗੇ ਅੰਤ ਨਿਬੇੜਾ,
ਨਿਸ਼ਚਾ ਧਾਰ, ਯਕੀਨੀ ਮੰਜ਼ਿਲ, ਦੋਚਿੱਤੀਏ ਤੂੰ ਮਗਰੋਂ ਲਹਿ ਜਾ।

ਏਸ ਤਰ੍ਹਾਂ ਕਿਉਂ ਕਰਦੈਂ ਯਾਰਾ, ਰੂਹ ਦੀ ਪਿਆਸ ਬੁਝੀ ਨਾ ਹਾਲੇ,
ਹਾਲੇ ਤਾਂ ਮੈਂ ਰੱਜ ਨਹੀਂ ਤੱਕਿਆ, ਜੇ ਆਇਐਂ ਤਾਂ ਕੁਝ ਪਲ ਰਹਿ ਜਾ।

ਇਕ ਪਲ ਮਿਲਿਓਂ, ਬਿਜਲੀ ਕੜਕੀ, ਫੇਰ ਪਤਾ ਨਹੀਂ ਕੀ ਕੁਝ ਹੋਇਆ,
ਦੰਦਾਂ ਥੱਲੇ ਜੀਭ ਦਬਾ ਲੈ, ਓਸ ਦਰਦ ਨੂੰ ਏਦਾਂ ਸਹਿ ਜਾ।

ਪੀੜ ਪ੍ਰਾਹੁਣੀ ਬਣ ਕੇ ਬਹਿ ਗਈ, ਦਿਲ ਦੇ ਪਲੰਘ ਨਵਾਰੀ ਉੱਤੇ,
ਨੈਣਾਂ ਵਿਚ ਪਥਰਾਇਆ ਨਾ ਰਹਿ, ਅੱਥਰੂਆ ਤੂੰ ਹੁਣ ਤਾਂ ਵਹਿ ਜਾ।

ਕੰਧ ਓਹਲੇ ਪਰਦੇਸ ਬਣਾ ਕੇ, ਦਿੱਲੀਓਂ ਦੂਰ ਕਰੇਂ ਨਨਕਾਣਾ,
ਦਿਲ ਵਿਚਕਾਰ ਨਾ ਪੱਕੀ ਬੈਠੀਂ, ਸਰਹੱਦ ਅਗਨ ਲਕੀਰੇ ਢਹਿ ਜਾ।

ਰੂਪ ਤੇਰੇ ਵਿਚ ਮੈਂ ਵੀ ਹਾਜ਼ਰ, ਜੀਕਣ ਧੁੱਪ ਵਿਚ ਨੂਰ ਸੂਰਜੀ,
ਮਹਿਕਾਂ ਨੂੰ ਰੰਗ ਲਾ ਦੇ ਆ ਕੇ, ਫੁੱਲ-ਪੱਤੀਆਂ ਦੇ ਅੰਦਰ ਸ਼ਹਿ* ਜਾ।

  • ਲੁਕ ਛਿਪ ਕੇ ਬਹਿਣਾ

125