ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਮਰਦੇ ਹੋ ਮਾਰਨ ਲੱਗਿਆਂ, ਮੈਨੂੰ ਮਾਰੋ ਪਿਆਰ ਦੇ ਨਾਲ।
ਮੈਂ ਨਹੀਂ ਮਰਨਾ, ਜੇਕਰ ਮੈਨੂੰ, ਮਾਰੋਗੇ ਹਥਿਆਰ ਦੇ ਨਾਲ।

ਪੜ੍ਹ ਵੇਖੋ ਇਤਿਹਾਸ ਦੇ ਵਰਕੇ, ਸ਼ਬਦ-ਬਾਣ ਹੀ ਜਿੱਤਦਾ ਹੈ,
ਕਬਰੀਂ ਕੀੜੇ ਖਾਂਦੇ ਸਭ ਨੂੰ, ਜੋ ਜਿੱਤਦੇ ਤਲਵਾਰ ਦੇ ਨਾਲ।

ਤੂੰ ਦੋ ਕਦਮ ਅਗਾਂਹ ਜੇ ਆਵੇਂ, ਚਾਰ ਕਦਮ ਮੈਂ ਆਵਾਂਗਾ,
ਜਾਹ ਤੁਰਿਆ ਫਿਰ, ਜੇ ਤੂੰ ਮੈਨੂੰ, ਜਿੱਤਣਾ ਹੈ ਹੰਕਾਰ ਦੇ ਨਾਲ।

ਕੁਝ ਰਿਸ਼ਤੇ ਬੇਨਾਮ ਜਹੇ, ਪਰ ਤਿੜਕਣਹਾਰ ਨਹੀਂ ਹੁੰਦੇ,
ਗਿਣਤੀ ਮਿਣਤੀ ਕਰਿਆ ਨਾ ਕਰ, ਮੇਰੇ ਜਹੇ ਦਿਲਦਾਰ ਦੇ ਨਾਲ।

ਬੇਮਤਲਬ ਜੇ ਮਨ ਦੇ ਮੰਦਰ, ਕੂੜ-ਕਬਾੜਾ ਸਾਂਭ ਰਿਹੈਂ,
ਓੜਕ ਇੱਕ ਦਿਨ ਡਿੱਗ ਪਵੇਂਗਾ, ਇਸ ਬੇਲੋੜੇ ਭਾਰ ਦੇ ਨਾਲ।

ਬਿਨ ਮਿਲਿਆਂ ਤੋਂ, ਮੇਰੀ ਰੂਹ ਵਿੱਚ, ਤੇਰਾ ਰੂਪ ਚਿਰਾਂ ਤੋਂ ਹੈ,
ਹੋਇਆ ਕੀ ਇਹ ਗੰਢ ਚਿਤਰਾਵਾ, ਅਣਦਿਸਦੀ ਜਹੀ ਤਾਰ ਦੇ ਨਾਲ।

ਕੁੜੀਆਂ, ਚਿੜੀਆਂ, ਧਰਮੀ ਬਾਬਲ, ਅੰਬੜੀ ਵਿਹੜਾ, ਨਿੱਕਾ ਵੀਰ,
ਕਿੰਨਾ ਕੁਝ ਹੈ, ਜੁੜਿਆ ਹੋਇਆ, ਆਹ ਕੂੰਜਾਂ ਦੀ ਡਾਰ ਦੇ ਨਾਲ।

129