ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਲਖਵਿੰਦਰ* ਚੱਲ ਤੁਰ ਚੱਲੀਏ, ਵਕਤ ਦੀਆਂ ਦੀਵਾਰਾਂ ਓਹਲੇ।
ਕਿੱਥੋਂ ਤਰ ਕੇ ਕਿੱਥੇ ਆਏ, ਕਦਮ ਕਦਮ 'ਤੇ ਖਾ ਹਿਚਕੋਲੇ।

ਮਨ ਮਸਤਕ ਵਿੱਚ ਸੁਪਨੇ ਤਾਂ ਸੀ, ਪੂਰਨ ਦੇ ਲਈ ਕਾਹਲ ਨਹੀਂ ਸੀ,
ਸਾਬਤ ਕਦਮੀ ਨੇ ਖ਼ੁਦ ਤਾਹੀਓਂ, ਬੰਦ ਬੜੇ ਦਰਵਾਜ਼ੇ ਖੋਲ੍ਹੇ।

ਕਿੱਥੇ ਪਿੰਡ ਜੰਡਿਆਲਾ ਤੇਰਾ, ਹੋਰਸ ਥਾਂ ਮੈਂ ਉੱਗਿਆ ਪੁੱਗਿਆ,
ਵਕਤ ਦੀ ਤੱਕੜੀ ਤੋਲ ਤੋਲ ਕੇ, ਕਿੰਨੇ ਸੱਚੇ ਸੌਦੇ ਤੋਲੇ।

ਨਾਮਕਰਣ ਤੇ ਬਿਨ ਸਿਰਨਾਵੇਂ, ਅਣਲਿਖਿਆਂ ਇਕਰਾਰਾਂ ਵਰਗਾ,
ਲੰਮ ਸਲੰਮਾ ਸਫ਼ਰ ਤੁਰਦਿਆਂ, ਸਮਝ ਲਿਆ ਕਿੰਨਾ ਬਿਨ ਬੋਲੇ।

ਕਿੰਨੇ ਯਾਰ ਝਕਾਨੀ ਦੇ ਕੇ, ਪੌੜੀ ਪੌੜੀ ਸਰ ਸੁਰ ਕਰਦੇ,
ਕੁਰਸੀ ਜੂਨ ਹੰਢਾਉਂਦੇ ਮਰ ਗਏ, ਤਲਖ਼ ਸਮੇਂ ਪੈਰਾਂ ਵਿਚ ਰੋਲੇ।

ਕਿਰਨਾਂ ਆਈਆਂ ਬੰਨ੍ਹ ਕਤਾਰਾਂ, ਮਨ ਦਾ ਵਿਹੜਾ ਰੌਸ਼ਨ ਹੋਇਆ,
ਇਉਂ ਲੱਗਿਆ ਮੈਂ ਤੁਰਿਆ ਫਿਰਦਾਂ ਚੰਦਰਮਾ ਤੇ ਪੋਲੇ ਪੋਲੇ।

  • ਮੇਰਾ ਬੇਲੀ ਡਾ. ਲਖਵਿੰਦਰ ਸਿੰਘ ਜੌਹਲ

133