ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਵਕਤ ਲਿਹਾਜ਼ ਕਦੇ ਨਹੀਂ ਕਰਦਾ।
ਸਿਖ਼ਰ ਪਹਾੜ ਦੀ ਟੀਸੀ ਉੱਤੋਂ, ਉੱਤਰੇ ਬਾਝੋਂ ਕਿਸਦਾ ਸਰਦਾ।

ਗੈਸ ਗੁਬਾਰੇ ਚੜ੍ਹਦੇ ਅੰਬਰੀਂ, ਕਿੱਥੇ ਡਿੱਗਦੇ ਵੇਖ ਲਿਆ ਕਰ,
ਤੂੰ ਇਸ ਜੂਨੀ ਕਿਉਂ ਪੈਂਦਾ ਏਂ, ਜੇ ਮਨ ਰਹਿੰਦੈ ਅੰਦਰੋਂ ਡਰਦਾ।

ਚੁਗ਼ਲੀ ਦੀ ਖੱਟੀ ਦਾ ਖੱਟਿਆ, ਖਾਣਾ ਸੌਖਾ, ਹਜ਼ਮ ਨਾ ਹੋਵੇ,
ਬਿਨ ਆਈ ਤੋਂ ਤੇਰੇ ਵਰਗਾ, ਮੌਤੋਂ ਪਹਿਲਾਂ ਤਾਂਹੀਓਂ ਮਰਦਾ।

ਚੰਮ ਦੀ ਜੀਭ ਘੁਮਾ ਕੇ ਸੱਚ ਥਾਂ, ਕੂੜ ਕਮਾਵੇਂ, ਦਵੇਂ ਦਲੀਲਾਂ,
ਮਨ ਦੀ ਅਦਲ ਕਚਹਿਰੀ ਅੰਦਰ, ਕਿਉਂ ਰਹਿੰਦੈਂ ਹਰਜਾਨੇ ਭਰਦਾ।

ਨੀਤ ਦੀ ਬੋਰੀ ਥੱਲਿਉਂ ਸੀ ਲੈ, ਉੱਪਰੋਂ ਪਾਵੇਂ ਹੇਠਾਂ ਸਰਕੇ,
ਬਦਨੀਤੀ 'ਚੋਂ ਬਦ ਨੂੰ ਲਾਹ ਦੇ, ਕਾਹਦੇ ਪਿੱਛੇ ਰਹਿੰਦੈਂ ਮਰਦਾ।

ਜੇ ਇਨਸਾਫ਼ ਦੀ ਤੱਕੜੀ ਤੇਰੀ, ਦਏ ਨਿਆਂ ਨਾ, ਕਰੇ ਫ਼ੈਸਲੇ,
ਪਾੜ ਵਕਾਲਤਨਾਮਾ ਸੱਜਣਾ, ਮੇਰਾ ਦਿਲ ਹਾਮੀ ਨਹੀਂ ਭਰਦਾ।

ਏਨਾ ਤਾਂ ਇਤਿਹਾਸ ਨੂੰ ਪੁੱਛ ਲੈ, ਜੰਗ ਹਾਰਦਾ ਬੰਦਾ ਕਿਹੜੀ,
ਜੇਤੂ ਆਲਮਗੀਰ ਸਿਕੰਦਰ, ਜਦ ਵੀ ਮਰਦਾ ਖ਼ੁਦ ਤੋਂ ਮਰਦਾ।

134