ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਸੀ ਕਾਲ਼ੀ ਐਨਕ ਅੱਖੀਂ, ਹੱਥਾਂ ਵਿੱਚ ਦਸਤਾਨੇ।
ਕਿਹੜਾ ਮੋੜ ਲਿਆਵੇ ਉਹ ਦਿਨ, ਮਸਤੀ ਦੇ ਮਸਤਾਨੇ।

ਪੂਰਾ ਮੇਲਾ ਵੇਖ ਕੇ ਮੁੜਨਾ, ਰੱਜ ਮਰੂੰਡਾ ਖਾਣਾ,
ਸਾਰੇ ਦਿਨ ਦੀ ਲਾਗਤ ਸੀ ਬੱਸ ਐਵੇਂ ਇੱਕ ਦੋ ਆਨੇ।

ਮਾਰ ਦੁੜੰਗੇ ਜਾਣਾ ਆਪਾਂ ਪੜ੍ਹਨ ਸਕੂਲੇ ਚਾਈਂ,
ਕਲਮਾਂ ਖ਼ਾਤਰ ਰਾਹ 'ਚੋਂ ਲੱਭਣੇ, ਕਿਲਕ, ਨੜੇ ਤੇ ਕਾਨੇ।

ਹੁਣ ਤਾਂ ਜੇਬਾਂ ਭਰੀਆਂ ਭਾਵੇਂ ਅੰਦਰੋਂ ਮਨ ਹੈ ਖ਼ਾਲੀ,
ਇੱਕੋ ਜਨਮ 'ਚ ਵੇਖੇ ਆਸੋਂ ਉਲਟ ਹੋਰ ਜ਼ਮਾਨੇ।

ਸ਼ਮ੍ਹਾਂਦਾਨ ਉਸਤਾਦ ਗਵਾਚੇ, ਜਾਂ ਮੈਨੂੰ ਨਾ ਦਿਸਦੇ,
ਘੋਰ ਗੁਬਾਰ ਹਨ੍ਹੇਰਾ ਗੂੜ੍ਹਾ, ਲਾਟਾਂ ਨਾ ਪਰਵਾਨੇ।

ਰਾਜਗੁਰੂ, ਸੁਖਦੇਵ, ਭਗਤ ਸਿੰਘ, ਬਾਲ ਸਭਾ ਵਿੱਚ ਵੇਖੇ,
ਲਾੜੀ ਮੌਤ ਵਿਆਹੁਣ ਚੱਲੇ, ਬੰਨ੍ਹ ਸ਼ਗਨਾਂ ਦੇ ਗਾਨੇ।

ਹੁਣ ਜਿਸਮਾਂ ਦੀ ਮੰਡੀ ਲੱਗੀ, ਤਾਰ ਦਿਉ ਮੁੱਲ ਲੈ ਲਉ,
ਸ਼ਬਦ ਮੁਹੱਬਤ ਵਾਧੂ ਹੋਇਆ, ਕੌਣ ਪੜ੍ਹੇ ਅਫ਼ਸਾਨੇ।

135