ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਲ ਮਗਰੋਂ ਫੇਰ ਮੁੜ ਕੇ ਆ ਗਈ ਸ਼ਿਵਰਾਤਰੀ।
ਜ਼ਹਿਰ ਦਾ ਭਰਿਆ ਪਿਆਲਾ, ਪੀ ਰਿਹਾ ਏ ਯਾਤਰੀ।

ਬੀਜ ਤੋਂ ਹੀ ਬਿਰਖ਼ ਬਣਿਆ, ਜ਼ਾਲਮਾਨਾ ਇਹ ਨਿਜ਼ਾਮ,
ਪੱਤਿਆਂ ਜਿਉਂ ਛਾਂਗਦੀ ਫਿਰਦੀ ਹੈ ਸਾਨੂੰ ਦਾਤਰੀ।

ਜੀਅ ਕਰੇ ਬੱਚਾ ਬਣਾਂ ਤੇ ਪਾਣੀਆਂ ਤੇ ਫੇਰ ਮੈਂ,
ਠੀਕਰੀ ਫੜ ਕੇ ਮਾਵਾਂ, ਮੁੜ ਚਲਾਵਾਂ ਕਾਤਰੀ।

ਪੰਜ ਪਾਂਡਵ ਵਿੱਚ ਜੁਏ, ਨਿੱਤ ਦਰੋਪਦ ਹਾਰਦੇ,
ਪੰਚਨਦ ਦੀ ਖ਼ਲਕ ਫਿਰਦੀ, ਬਹੁਤ ਔਖੀ ਆਤਰੀ।

ਚੰਨ ਕੁੱਜੇ ਵਿੱਚ ਪਾਉਣਾ, ਬਾਲਕੇ ਦਾ ਸ਼ੁਗਲ ਹੈ,
ਲੋਕ ਸਮਝਣ ਲੱਗ ਪਏ ਨੇ, ਜਾਦੂਗਰ ਦੀ ਚਾਤਰੀ।

ਨਾਅਰਿਆਂ ਤੇ ਲਾਰਿਆਂ ਦਾ ਕਿਉਂ ਕਰੇਂ ਮੁੜ ਕੇ ਵਿਸਾਹ,
ਛਾਨਣੀ ਦੇ ਵਾਂਗ ਹੁਣ ਵਿਸ਼ਵਾਸ ਵਾਲੀ ਪਾਤਰੀ।

ਵੇਖ ਲਉ ਅੰਗਰੇਜ਼ ਤੁਰ ਗਏ, ਫੇਰ ਵੀ ਆਪਾਂ ਗੁਲਾਮ,
ਧੀਆਂ ਪੁੱਤਰ ਝਿਜਕਦੇ ਬੋਲਣ ਤੋਂ ਬੋਲੀ ਮਾਤਰੀ।

137