ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਲੀ ਵਿੱਚ ਦਰਬਾਰੀ ਵੇਖੋ, ਦੁੱਧ ਵਿੱਚ ਕਾਂਜੀ ਘੋਲ ਰਹੇ ਨੇ।
ਹੋਸ਼ ਹਵਾਸ ਗੁਆ ਬੈਠੇ ਨੇ, ਜੋ ਆਇਆ ਉਹ ਬੋਲ ਰਹੇ ਨੇ।

ਕੁਰਸੀ ਅਜਬ ਖ਼ੁਮਾਰੀ ਦੇ ਵਿੱਚ, ਨਾਲ ਹਕੀਕਤ ਪਾਏ ਵਿਛੋੜਾ,
ਧਰਮ ਧਰਾਤਲ ਵਾਲੇ ਪਾਵੇ, ਤਾਂਹੀਉਂ ਪੈਰੋਂ ਡੋਲ ਰਹੇ ਨੇ।

ਲੱਖੀ ਜੰਗਲ ਬਣੇ ਲੋਕ ਤਾਂ, ਨਾਧਿਰਿਆਂ ਦੀ ਧਿਰ ਬਣ ਜਾਵੇ,
ਲੋਕ ਬਿਠਾਉਂਦੇ ਸਿਰ ਦੇ ਉੱਪਰ, ਜਿਹੜੇ ਦਰਦ ਫ਼ਰੋਲ ਰਹੇ ਨੇ।

ਦੇਸ਼ ਭਗਤੀਆਂ ਦੀ ਪਰਿਭਾਸ਼ਾ, ਨਵੀਂ ਇਬਾਰਤ ਸਮਝ ਪਵੇ ਨਾ,
ਅੰਨ੍ਹੀ ਤੇਜ਼ ਹਨ੍ਹੇਰੀ ਤਾਂਹੀਓਂ, ਡਰ ਕੇ ਦੀਵੇ ਡੋਲ ਰਹੇ ਨੇ।

ਨਾ ਤ੍ਰਿਸ਼ੂਲ ਕਟਾਰਾਂ ਕੋਲੋਂ, ਡਰਦੇ ਨਾ ਤਲਵਾਰ ਦੇ ਕੋਲੋਂ,
ਜਿਹੜੇ ਸੀਸ ਤਲੀ ਤੇ ਧਰ ਕੇ, ਸੱਚ ਦੀ ਤੱਕੜੀ ਤੋਲ ਰਹੇ ਨੇ।

ਗੇਰੂ ਨਹੀਂ, ਇਹ ਸਾਡੀ ਰੱਤ ਹੈ, ਲਾਲ ਕਿਲ੍ਹੇ ਦੀਆਂ ਕੰਧਾਂ ਉੱਪਰ,
ਮੁਗਲਾਂ ਵੇਲੇ ਤੋਂ ਅੱਜ ਤੀਕਰ, ਸਾਡੇ ਕਦਮ ਅਡੋਲ ਰਹੇ ਨੇ।

ਗਮਲੇ ਅੰਦਰ ਉੱਗੇ ਪੌਦੇ, ਬਿਰਖ਼ਾਂ ਨੂੰ ਹੁਣ ਕਰਨ ਟਿਚਕਰਾਂ,
ਵੇਖੋ ਕਲਿਜੁਗ, ਤੇਜ਼ ਕੁਦਾਲੇ, ਸਾਡੀ ਜੜ੍ਹ ਨੂੰ ਫ਼ੋਲ ਰਹੇ ਨੇ।

138