ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਵੇਂ ਗੁੰਮ ਸੁੰਮ, ਗੁੰਮ ਸੁੰਮ, ਚੁੱਪ ਚਾਪ ਰਹਿਣਾ ।
ਏਦਾਂ ਗ਼ਮਾਂ ਦਾ ਪਹਾੜ, ਤੇਰੇ ਮਨ ਤੋਂ ਨਹੀਂ ਲਹਿਣਾ ।

ਕਦੇ ਦੂਸਰੇ ਦੀ ਸੁਣੀਂ, ਕਦੇ ਆਪਣੀ ਸੁਣਾਈਂ,
ਤੇਰੀ ਵੇਦਨਾ ਨੂੰ ਤੇਰੇ ਤੋਂ ਬਗੈਰ, ਹੋਰ ਕਿਸ ਕਹਿਣਾ ।

ਮਹਿੰਗੇ ਹਾਰ ਤੇ ਸ਼ਿੰਗਾਰ, ਸਾਡੀ ਮੱਤ ਦੇਣ ਮਾਰ,
ਹੁੰਦੀ ਸਾਦਗੀ ਸਦੀਵ, ਸੁੱਚਾ ਜ਼ਿੰਦਗੀ ਦਾ ਗਹਿਣਾ ।

ਐਵੇਂ ਖ਼ੌਲਦੇ ਸਮੁੰਦਰਾਂ ਨੂੰ ਵੇਖ ਕੇ ਨਾ ਡਰ,
ਹੰਭ ਹਾਰ ਕੇ ਅਖ਼ੀਰ, ਇਨ੍ਹਾਂ ਸ਼ਾਂਤ ਹੋ ਕੇ ਬਹਿਣਾ ।

ਚਲੋ ਮੰਨਿਆ ਕਿ, ਸਿਦਕਾਂ ਦੇ ਪਾਰ ਹੁੰਦੇ ਬੇੜੇ,
ਜ਼ੋਰ ਜਾਬਰਾਂ ਦਾ, ਹੋਰ ਅਜੇ, ਕਿੰਨੀ ਦੇਰ ਸਹਿਣਾ ।

ਜਿਵੇਂ ਮਾਚਸਾਂ ਦੀ ਡੱਬੀ ਵਿੱਚ, ਤੀਲੀਆਂ ਤੇ ਅੱਗ,
ਸਾਨੂੰ ਦੋਹਾਂ ਨੂੰ ਹੀ ਪੈਣਾ, ਇੱਕ ਦੂਸਰੇ ਤੇ ਖਹਿਣਾ ।

ਕੱਚੇ ਘਰਾਂ ਉੱਤੇ ਕਹਿਰ, ਸਦਾ ਜ਼ਿੰਦਗੀ 'ਚ ਜ਼ਹਿਰ,
ਨਦੀ ਸ਼ੂਕਦੀ ਨੀਵਾਣਾਂ ਵੱਲ, ਵਗਦੇ ਹੀ ਰਹਿਣਾ ।

14