ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਕਾਹਨੂੰ ਹੋਈਆਂ ਤੈਨੂੰ ਨੀਂਦਰਾਂ ਪਿਆਰੀਆਂ।
ਕੌਣ ਤੇਰੀ ਥਾਂ ਤੇ ਇਹ ਨਿਭਾਊ ਜ਼ਿੰਮੇਵਾਰੀਆਂ।

ਖੰਭ ਤੇਰੇ ਕੋਲ, ਨੀਲੇ ਅੰਬਰਾਂ ਤੋਂ ਪਾਰ ਜਾਹ,
ਭੁੱਲ ਬੈਠਾ ਭੈੜਿਆ, ਤੂੰ ਅੰਬਰੀਂ ਉਡਾਰੀਆਂ।

ਸ਼ਹਿਰ ਵੱਲ ਜਾਣ ਦੇ ਲਈ, ਅੱਡਿਆਂ 'ਤੇ ਭੀੜ ਹੈ,
ਇੱਕ ਦੂਜੇ ਨਾਲੋਂ ਵੱਧ, ਕਾਹਲੀਆਂ ਸਵਾਰੀਆਂ।

ਪਿੰਡ ਵੱਲ ਮੁੜਨਾ ਵੀ ਖ੍ਵਾਬ ਵਿਚ ਭੁੱਲਿਆ,
ਕਿੱਥੋਂ ਕਿੱਥੇ ਸੁੱਟਿਆ, ਲਿਆ ਕੇ ਦੁਸ਼ਵਾਰੀਆਂ।

ਸ਼ਹਿਰ ਵਿਚ ਜੀਣ ਦਾ ਸਲੀਕਾ ਵੀ ਕਮਾਲ ਹੈ,
ਹਵਾ ਤਾਈਂ ਸਹਿਕਣਾ ਤੇ ਬੰਦ ਬੂਹੇ ਬਾਰੀਆਂ।

ਕਈ ਵਾਰੀ ਮੈਨੂੰ ਤਾਂ ਬਈ ਆਪ ਏਦਾਂ ਜਾਪਦੈ,
ਪੁਰਜ਼ੇ ਮਸ਼ੀਨ ਵਾਲੇ, ਬਣੇ ਹਾਂ ਗਰਾਰੀਆਂ।

ਪਲੰਘ, ਪੰਘੂੜਾ, ਮੰਜਾ, ਪੀੜ੍ਹਾ ਤੇਰੇ ਵਾਸਤੇ,
ਬਿਰਖ਼ਾਂ ਦੇ ਮੁੱਢ ਕਾਹਨੂੰ ਫੇਰੀ ਜਾਵੇਂ ਆਰੀਆਂ।

140