ਇਹ ਸਫ਼ਾ ਪ੍ਰਮਾਣਿਤ ਹੈ
ਸੁੱਤਿਆਂ ਅੰਦਰ ਸੁਪਨ ਜਗਾਉਂਦੇ ਰਹਿੰਦੇ ਹਾਂ।
ਮਾਚਸ ਉੱਤੇ ਤੀਲ੍ਹੀ ਵਾਂਗੂੰ ਖਹਿੰਦੇ ਹਾਂ।
ਉੱਡਦੀਆਂ ਦੇ ਪਿੱਛੇ ਫਿਰਨਾ, ਸ਼ੌਕ ਨਹੀਂ,
ਪੱਕੇ ਪੈਰੀਂ ਧਰਤੀ ਉੱਤੇ ਰਹਿੰਦੇ ਹਾਂ।
ਮਾਣ ਨਹੀਂ, ਅਭਿਮਾਨ ਨਹੀਂ, ਵਿਸ਼ਵਾਸੀ ਹਾਂ,
ਬਾਤ ਹਮੇਸ਼ਾਂ ਦਿਲ ਵਾਲੀ ਹੀ ਕਹਿੰਦੇ ਹਾਂ।
ਨਿੱਕੇ ਨਿੱਕੇ ਹਾਕਮ ਸਾਡੇ ਅੰਦਰ ਨੇ,
ਏਸੇ ਹੀ ਕਮਜ਼ੋਰੀ ਹੱਥੋਂ ਢਹਿੰਦੇ ਹਾਂ।
ਖ਼ੁਸ਼ਬੋਈ ਤੇ ਚਾਨਣ ਪਸਰੇ ਚਾਰ ਚੁਫ਼ੇਰ,
ਜਿਹੜੀ ਥਾਂ ਤੇ ਰਲ ਕੇ ਆਪਾਂ ਬਹਿੰਦੇ ਹਾਂ।
ਦਿਲ ਦੀ ਹਾਲਤ ਪੁੱਛਦਾ ਹੈਂ ਤਾਂ ਸੁਣੀਂ, ਅਸੀਂ,
ਸੂਰਜ ਵਾਂਗੂੰ ਹਰ ਦਿਨ ਚੜ੍ਹਦੇ ਲਹਿੰਦੇ ਹਾਂ।
ਕੁਰਸੀ ਸਾਨੂੰ ਕਿੰਨਾ ਵਾਧੂ ਕਰ ਦਿੱਤਾ,
ਮੰਜਿਆਂ ਵਾਂਗੂੰ ਕਦੇ ਕਦਾਈਂ ਡਹਿੰਦੇ ਹਾਂ।
141