ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੌਣ ਕਹਿੰਦਾ ਹੈ ਮੁਹੱਬਤ ਮੰਗਦੀ ਪਰਵਾਨਗੀ।
ਇਹ ਤਾਂ ਦਿਲ ਦਰਿਆ ਦੀ ਯਾਰੋ, ਬੇਪਨਾਹ ਦੀਵਾਨਗੀ।

ਤੂੰ ਸਾਰੰਗੀ ਕਹਿ ਲਿਆ ਕਰ, ਜੋ ਕਿਤਾਬਾਂ ਦੱਸਿਆ,
ਮੈਂ ਸਧਾਰਨ ਆਦਮੀ, ਆਖਾਂਗਾ ਇਸ ਨੂੰ ਸਾਨਗੀ।

ਕਹਿਣ ਤੋਂ ਤੂੰ ਝਿਜਕਿਆ ਕਰ ਨਾ, ਦਿਲੇ ਦੀ ਵਾਰਤਾ,
ਅੱਖੀਆਂ 'ਚੋਂ ਬੋਲ ਪੈਂਦੀ ਆਪ ਹੀ ਵੀਰਾਨਗੀ।

ਲੋਕ ਮਨ ਤੇ ਰਾਜ ਕਰ ਲੈ, ਪਾਤਸ਼ਾਹੀਆਂ ਮਾਣ ਲੈ,
ਚਾਰ ਦਿਨ ਦੀ ਖੇਡ ਸਾਰੀ ਕਲਗੀਆਂ ਇਹ ਖ਼ਾਨਗੀ।

ਵੇਖ ਬਾਬਾ ਖੰਭ ਲਾ ਕੇ, ਧਰਮ ਏਥੋਂ ਉਡ ਗਿਆ,
ਤੇਰੇ ਘਰ ਵਿੱਚ ਫੇਰ ਹੋ ਗਈ, ਕੂੜ ਦੀ ਪ੍ਰਧਾਨਗੀ।

ਤਨ ਵਿਚਾਰਾ ਕੰਬਦਾ ਹੈ, ਡੋਲਦਾ ਪੱਤੇ ਦੇ ਵਾਂਗ,
ਕੀਹ ਤਮਾਸ਼ਾ ਕਰ ਰਹੀ ਹੈ, ਰੂਹ ਦੀ ਬੇਗਾਨਗੀ।

ਧਰਮ, ਧਰਤੀ, ਮਾਤਬੋਲੀ, ਜਨਣਹਾਰੀ ਸਹਿਕਦੀ,
ਭਰਮ ਭਾਂਡੇ ਵਾਂਗ ਹੋ ਗਈ, ਖੋਖਲੀ ਮਰਦਾਨਗੀ।

142