ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਂ ਰਲਕੇ।
ਅੱਜ ਹੀ ਤੁਰੀਏ, ਬਹਿ ਨਾ ਝੁਰੀਏ, ਪਛਤਾਈਏ ਕਿਉਂ ਯਾਰੋ ਭਲ਼ਕੇ।

ਮਨ ਮਸਤਕ ਦੇ ਮਾਣਕ ਮੋਤੀ, ਪੋਟਲੀਆਂ ਵਿੱਚ ਕੈਦ ਕਰੀਂ ਨਾ,
ਇਹ ਪੌਦੇ ਹੀ ਬਿਰਖ਼ ਬਣਨਗੇ, ਮਿਹਨਤ ਦੀ ਮਿੱਟੀ ਵਿੱਚ ਪਲ਼ਕੇ।

ਆ ਵਿਸ਼ਵਾਸ ਦੀ ਉਂਗਲੀ ਫੜੀਏ, ਕਦਮ ਕਦੇ ਗੁਮਰਾਹ ਨਾ ਹੋਵਣ,
ਧਰਮ ਥਿੜਕਿਆ ਅਪਣੇ ਪੈਰੋਂ, ਨਫ਼ਰਤ ਦੀ ਅਗਨੀ ਵਿੱਚ ਬਲ਼ਕੇ।

ਕੁਰਸੀ ਨਾਚ ਨਚਾਏ ਕੈਸਾ, ਆਦਮ ਨੱਕ ਨਕੇਲਾਂ ਪਾਈਆਂ,
ਬੰਦੇ ਦਾ ਪੁੱਤ ਕੀਹ ਕਰਦਾ ਹੈ, ਸਰਮਾਏ ਦੀ ਜੂਨ 'ਚ ਢਲ਼ਕੇ।

ਪੀੜ ਪਰਬਤੋਂ ਭਾਰੀ ਹੋ ਗਈ, ਪਿਘਲਣ ਦਾ ਕਿਉਂ ਨਾਂ ਨਹੀਂ ਲੈਂਦੀ,
ਨਾਗ ਵਲੇਵਾਂ ਪਾ ਬੈਠੀ ਹੈ, ਸਾਹ ਘੁੱਟਦੀ ਹੈ ਸ਼ਾਹਰਗ ਵਲ਼ ਕੇ।

ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਰਿਸ਼ਤੇ ਨਾਤੇ ਜਿਉਂ ਅਧਮੋਏ,
ਨਸਲਕੁਸ਼ੀ ਵੱਲ ਤੁਰਦੇ ਜਾਈਏ, ਅਕਲ, ਨਾਗਣੀ ਲੈ ਗਈ ਛਲ਼ ਕੇ।

ਚੱਲ ਸ਼ੀਸ਼ੇ ਦੇ ਸਨਮੁੱਖ ਹੋਈਏ, ਪਰ ਕੁਝ ਹਟਵਾਂ ਦੂਰ ਖਲੋਈਏ,
ਬਹੁਤ ਨੇੜਿਉਂ ਸੱਚ ਨਹੀਂ ਦਿਸਦਾ, ਵਕਤ ਗਵਾਈਏ ਨਾ ਹੁਣ ਟਲ਼ ਕੇ।

143