ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਿਕਿਆ ਰਹਿ ਹਮਦਰਦਾ ਵੱਡਿਆ, ਮਰਿਆਂ ਨੂੰ ਨਹੀਂ ਮਾਰੀਦਾ।
ਇਹ ਅੰਦਾਜ਼ ਤੂੰ ਕਿੱਥੋਂ ਸਿੱਖਿਆ, ਅਰਥ ਬਦਲਣਾ ਯਾਰੀ ਦਾ।

ਬਦਨੀਤਾਂ ਦੀ ਨੀਅਤ ਵੀ ਤਾਂ ਗਲ਼ ਵਿੱਚ ਫਾਹੀਆਂ ਬਣਦੀ ਹੈ,
ਜ਼ਾਲਮ ਕਾਰੀਗਰ ਨੇ ਘੜਿਆ, ਇਹ ਜੋ ਦਸਤਾ ਆਰੀ ਦਾ।

ਸਾਰੇ ਰਾਹ ਬੰਦ ਹੋਣ ਤੇ ਬੰਦਾ, ਮੌਤ ਗਲੇ ਨੂੰ ਲਾਉਂਦਾ ਹੈ,
ਰੂਹ ਤੇ ਭਾਰ ਪਿਆਂ ਦਮ ਘੁਟਦੈ, ਜਦ ਨਹੀਂ ਹੋਰ ਸਹਾਰੀਦਾ।

ਕਿੱਥੇ ਬਣੇ ਮੁਨਾਰੇ ਵੇਖੇ, ਲਿੱਸੜੇ ਥੋੜ ਜ਼ਮੀਨਿਆਂ ਦੇ,
ਖ਼ਰਚ ਫਜ਼ੂਲ ਦਾ ਮਿਹਣਾ ਦੇ ਕੇ ਕਰ ਨਾ ਵਾਰ ਕਟਾਰੀ ਦਾ।

ਆੜ੍ਹਤੀਆਂ ਤੋਂ ਫੜ ਕੇ ਕਰਜ਼ਾ, ਵੇਲਾਂ ਕੌਣ ਕਰਾ ਲਏਗਾ,
ਜਿਸ ਕੋਲੋਂ ਅੱਜ ਤੀਕ ਨਾ ਸਰਿਆ, ਬੂਹਾ ਇੱਕ ਅਲਮਾਰੀ ਦਾ।

ਤੂੰ ਗੀਤਾਂ ਵਿੱਚ ਜੋ ਕੁਝ ਵੇਖੇਂ, ਉਸ ਵਿੱਚ ਸਾਡਾ ਕੁਝ ਵੀ ਨਾ,
ਉਹ ਤਾਂ ਸਾਰੇ ਪੱਖ ਪੂਰਦੇ, ਮੰਡੀ ਅੱਤਿਆਚਾਰੀ ਦਾ।

ਧੀ ਦਾ ਡੋਲਾ ਤੋਰਨ ਜੋਗਾ, ਜੇਕਰ ਹੁੰਦਾ ਧਰਮੀ ਬਾਪ,
ਇੱਕੋ ਥਾਂ ਕਿੰਜ ਅੜਦਾ ਹੁੰਦਾ, ਉਸਦੀ ਮੌਤ ਗਰਾਰੀ ਦਾ।

144