ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੰਡੇ ਜੰਦਰੇ ਕਿਉਂ ਲਾਉਂਦੇ ਹੋ, ਪੁੱਛਦੇ ਨੇ ਬੰਦ ਬੂਹੇ।
ਇਸ ਘਰ ਅੰਦਰ ਕੋਈ ਨਾ ਰਹਿੰਦਾ, ਨਾ ਬਿੱਲੀ ਨਾ ਚੂਹੇ।

ਨਾ ਕੋਈ ਬੰਦਨਬਾਰ ਸਜਾਵੇ, ਚੋਵੇ ਤੇਲ ਸ਼ਗਨ ਦਾ,
ਮੁੱਦਤ ਹੋਈ ਨਜ਼ਰ ਪਏ ਨਾ, ਸਿਰ ਤੇ ਸਾਲੂ ਸੂਹੇ।

ਨਾ ਦਸਤਕ ਨਾ ਬਿੜਕ ਸੁਣੇ ਤੇ ਨਾ ਹੀ ਚਾਪ ਕਦਮ ਦੀ,
ਸਹਿਕਦੀਆਂ ਨੇ ਕੰਧਾਂ, ਸਾਨੂੰ, ਕੋਈ ਤਾਂ ਆ ਕੇ ਛੂਹੇ।

ਗੋਡੇ ਗੋਡੇ ਘਾਹ ਚੜ੍ਹਿਆ ਤੇ ਸੱਪ ਸਲੂਟੀ ਫਿਰਦੇ,
ਸੁੰਨ ਸਰਾਂ ਨਾ ਪੈੜ ਕਿਸੇ ਦੀ, ਮੇਰੇ ਮਨ ਦੀ ਜੂਹੇ।

ਇਉਂ ਪਥਰਾਏ ਨੈਣੀਂ ਜੰਮਿਆ, ਸਰਦ ਜਿਹਾ ਇੱਕ ਹੌਕਾ,
ਜਿਉਂ ਕੋਈ ਦਰਦ ਪੋਟਲੀ ਬੰਨ੍ਹ ਕੇ, ਧਰ ਗਿਆ ਮੇਰੀ ਰੂਹੇ।

ਏਨਾ ਸੇਕ ਹਿਜਰ ਦਾ ਤੌਬਾ! ਸਹਿਣ ਸੁਖਾਲਾ ਨਹੀਂਓਂ,
ਤਨ ਮਨ ਤਪੇ ਤੰਦੂਰ ਤੇ ਜੀਭਾ ਹੋ ਗਈ ਲਾਲ ਫਲੂਹੇ।

ਭਰ ਭਰ ਟਿੰਡਾਂ ਜਿੱਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ,
ਵੇਖੋ ਸਾਡੇ ਵੇਖਦਿਆਂ ਹੁਣ, ਖ਼ਾਲੀ ਹੋ ਗਏ ਖੂਹੇ।

146