ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦਾ ਕਮਾਲ ਵੇਖ, ਪਹਿਲਾਂ ਤਾਂ ਨਹੀਂ ਬੋਲਦਾ।
ਜਦੋਂ ਮੁਸਕਾਵੇਂ, ਅੱਗੋਂ ਪਾਰੇ ਵਾਂਗੂੰ ਡੋਲਦਾ।

ਸੂਰਜੇ ਦੀ ਜਾਈਏ, ਲਿਸ਼ਕੋਰ ਤੇਰੇ ਨੂਰ ਦੀ,
ਰਾਤ ਦੇ ਹਨ੍ਹੇਰਿਆਂ 'ਚੋਂ ਰਹਾਂ ਤੈਨੂੰ ਟੋਲਦਾ।

ਤੇਰੇ ਅੱਗੇ ਟੁੱਟ ਗਿਆ, ਚੁੱਪ ਵਾਲਾ ਜੰਦਰਾ,
ਜਣੇ ਖਣੇ ਅੱਗੇ ਮੈਂ ਵੀ ਚਿੱਤ ਨਹੀਂ ਫ਼ਰੋਲਦਾ।

ਤੇਰੇ ਬਿਨਾ ਕਿਸੇ ਦਾ ਮੁਰੀਦ ਨਾ ਮੈਂ ਅੱਜ ਤੀਕ,
ਮੋਤੀਆਂ ਦੇ ਥਾਲ ਐਵੇਂ ਮਿੱਟੀ 'ਚ ਨਹੀਂ ਰੋਲਦਾ।

ਤੂੰ ਤੇ ਮੈਥੋਂ ਦੂਰ ਕਿੰਨੀ ਦੇਰ ਹੋਈ ਤੁਰ ਗਈ,
ਯਾਦਾਂ ਵਾਲੀ ਗਠੜੀ ਮੈਂ ਕੀਹਦੇ ਅੱਗੇ ਫ਼ੋਲਦਾ।

ਸਮਿਆਂ ਦੇ ਨਾਗ ਸ਼ੀਸ਼ੇ ਉੱਤੇ ਡੰਗ ਮਾਰਿਆ,
ਆਪਣਾ ਵਜੂਦ ਵੇਖ, ਵਿੱਸ ਬੜੀ ਘੋਲ਼ਦਾ।

ਤੇਰੀ ਹੀ ਸੁਣਾਈ ਗੱਲ ਹਾਲੇ ਕੰਨੀਂ ਗੂੰਜਦੀ,
ਸਮਾਂ ਕਦੇ ਤੱਕੜੀ 'ਚ ਵਸਤਾਂ ਨਹੀਂ ਤੋਲਦਾ।

150