ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਿਆਂ ਨੂੰ ਯਾਦ ਨਾ ਜੇ ਕੌਲ ਇਕਰਾਰ ਹੈ।
ਸਾਡੀ ਅਲਗਰਜ਼ੀ ਵੀ, ਇਹਦੀ ਜ਼ਿੰਮੇਵਾਰ ਹੈ।

ਅੰਬੀਆਂ ਨੂੰ ਟੁੱਕ, ਟੁੱਕ, ਬਾਗਾਂ ਨੂੰ ਉਜਾੜਦੇ,
ਇੱਕ ਨਾ ਇਕੱਲਾ, ਇਹ ਤਾਂ ਤੋਤਿਆਂ ਦੀ ਡਾਰ ਹੈ।

ਕਾਵਾਂ ਨੇ ਸੀ ਖੋਹੇ ਸਾਥੋਂ, ਜ਼ੋਰ ਨਾਲ ਆਲ੍ਹਣੇ,
ਘੁੱਗੀਆਂ ਵਿਚਾਰੀਆਂ ਨੂੰ, ਏਨੀ ਕਿੱਥੇ ਸਾਰ ਹੈ।

ਜਾਲ ਵਿੱਚ ਉੱਡਣੇ ਪਰਿੰਦੇ ਫਸੇ ਵੇਖ ਲਉ,
ਚੋਗ ਵਾਲੇ ਲੋਭ ਪਿੱਛੇ ਹੋ ਗਿਆ ਸ਼ਿਕਾਰ ਹੈ।

ਤਲੀਆਂ ਤੇ ਸੀਸ ਵਾਲੀ ਫ਼ੀਸ ਔਖੀ ਤਾਰਨੀ,
ਮਾਰਿਆਂ ਦੋਚਿੱਤੀ, ਸਿਰ ਗੱਡੇ ਜਿੰਨਾ ਭਾਰ ਹੈ।

ਵੱਖ ਵੱਖ ਆਲ੍ਹਣੇ ਤੇ ਅੱਡ ਨੇ ਉਡਾਰੀਆਂ,
ਕਾਫ਼ਲਾ ਵੀ ਅੰਦਰੋਂ ਤੇ ਫੁੱਟ ਦਾ ਸ਼ਿਕਾਰ ਹੈ।

ਖ਼ੋਰੇ ਕਿਹੜਾ ਦੇ ਗਿਆ, ਖਿਡੌਣਾ ਇਹ ਮਾਸੂਮ ਨੂੰ,
ਬੱਚਿਆ ਨਾ ਖੇਡੀਂ, ਇਹ ਤਾਂ ਅੱਗ ਦਾ ਅਨਾਰ ਹੈ।

151