ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਜਾਣ ਤੋਂ ਮਗਰੋਂ ਤਾਂ ਬੱਸ ਕੁਝ ਪਲ ਲੱਗਦੇ ਰਾਤ ਬਣਨ ਲਈ।
ਚੀਰ ਹਨ੍ਹੇਰਾ ਚਾਨਣ ਆਵੇ, ਸਾਡੀ ਸ਼ੁਭ ਪਰਭਾਤ ਬਣਨ ਲਈ।

ਵਕਤ ਦੀਆਂ ਅੱਖਾਂ ਵਿੱਚ ਤੱਕਣਾ, ਸੱਚ ਤੇ ਪਹਿਰਾ ਦੇਣਾ ਪੈਂਦਾ,
ਜ਼ਹਿਰ ਪਿਆਲਾ ਸ਼ਰਤ ਜ਼ਰੂਰੀ ਬੰਦੇ ਤੋਂ ਸੁਕਰਾਤ ਬਣਨ ਲਈ।

ਧਰਤੀ ਧਰਮ ਅਜ਼ਲ ਤੋਂ ਏਹੀ, ਨਿਰਭਉ ਤੇ ਨਿਰਵੈਰ ਸਲੀਕਾ,
ਸੀਸ ਤਲੀ ਤੇ ਧਰਨਾ ਲਾਜ਼ਿਮ, ਸੂਰਮਿਆਂ ਦੀ ਜ਼ਾਤ ਬਣਨ ਲਈ।

ਜ਼ਿੰਦਗੀ ਤੇਰੇ ਤੀਕ ਰਸਾਈ, ਸੱਚ ਮੰਨੀਂ ਤੂੰ ਸਹਿਲ ਨਹੀਂ ਸੀ,
ਵਿੰਗ ਤੜਿੰਗੇ ਮੋੜ ਬੜੇ ਸੀ, ਇਹ ਮੇਰੀ ਔਕਾਤ ਬਣਨ ਲਈ।

ਕਲਮਾਂ ਨੂੰ ਵੀ ਸਿਰ ਕਟਵਾ ਕੇ ਸ਼ਬਦ ਸਵਾਰੀ ਦਾ ਹੱਕ ਮਿਲਦੈ,
ਤੇਜ਼ ਧਾਰ ਤੇ ਤੁਰਨਾ ਪੈਂਦਾ, ਲੋਕ ਮਨਾਂ ਦੀ ਬਾਤ ਬਣਨ ਲਈ।

ਸਾਰਾ ਕੁਝ ਹੀ ਵੈਰੀਆਂ ਨੇ ਤਾਂ ਸਾਡੇ ਮੱਥੇ ਤੇ ਨਹੀਂ ਲਿਖਿਆ,
ਸਾਡੀ ਗਫ਼ਲਤ ਵੀ ਕੁਝ ਸ਼ਾਮਿਲ, ਏਦਾਂ ਦੇ ਹਾਲਾਤ ਬਣਨ ਲਈ।

ਪੱਥਰ ਮਨ ਜਜ਼ਬਾਤ ਵਿਹੂਣਾ ਕਿੰਜ ਪਿਘਲੇਗਾ ਖ਼ੁਦ ਸਮਝਾਓ,
ਦਰਦ ਸਮੁੰਦਰ ਜਲ ਕਣ ਦੇਵੇ, ਹੰਝੂਆਂ ਨੂੰ ਬਰਸਾਤ ਬਣਨ ਲਈ।

160