ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਦ ਸਿਆਹੀ ਨਾਲ ਤੂੰ ਲੀਕਾਂ ਵਾਹੀਆਂ ਨੇ।
ਦਿਲ ਤੇ ਅੱਖੀਆਂ ਦੋਵੇਂ ਹੀ ਭਰ ਆਈਆਂ ਨੇ।

ਮੱਥਾ ਟਸ ਟਸ ਕਰਦੈ ਕਿ ਕੁਝ ਸਕਦਾ ਨਾ,
ਰੂਹ ਦੇ ਬਾਗੀਂ ਕੋਇਲਾਂ ਵੀ ਕੁਰਲਾਈਆਂ ਨੇ।

ਬਿਨ ਬੂਹੇ ਤੇ ਦਸਤਕ, ਪੋਲੇ ਪੈਰੀਂ ਇਹ,
ਰੀਝਾਂ ਮਨ ਵਿੱਚ ਕਦੋਂ ਪ੍ਰਾਹੁਣੀਆਂ ਆਈਆਂ ਨੇ।

ਮੈਂ ਇਨ੍ਹਾਂ ਨੂੰ ਕਿਵੇਂ ਕਹਿ ਦਿਆਂ ਤੁਰ ਜਾਵੋ,
ਪੀੜਾਂ ਮੇਰੀ ਮਾਂ ਜਾਈਆਂ ਹਮਸਾਈਆਂ ਨੇ।

ਸੱਜਰੀ ਪੌਣ ਦਾ ਬੁੱਲਾ ਤੇਰੀ ਹਸਤੀ ਹੈ,
ਸੁਰਖ਼ ਗੁਲਾਬਾਂ ਇਹ ਬਾਤਾਂ ਸਮਝਾਈਆਂ ਨੇ।

ਤੇਰੇ ਹਾਉਕੇ ਅੰਦਰ ਮੈਂ ਹੀ ਹਾਜ਼ਰ ਸੀ,
ਇਹ ਰਮਜ਼ਾਂ ਸਭ ਅੱਖੀਆਂ ਨੇ ਉਲਥਾਈਆਂ ਨੇ।

ਦਿਲ ਦਰਵਾਜ਼ੇ ਖੁੱਲ੍ਹੇ ਨੇ ਤੂੰ ਲੰਘ ਵੀ ਆ,
ਤੇਰੀ ਖ਼ਾਤਰ ਨਜ਼ਰਾਂ ਫੇਰ ਵਿਛਾਈਆਂ ਨੇ।

162