ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲਦਿਆਂ ਤੈਨੂੰ ਮੇਰਾ ਕੈਸਾ ਮੁਕੱਦਰ ਹੋ ਗਿਆ।
ਪਿਆਰ ਕਤਰਾ ਮਿਲ ਗਿਆ, ਮੈਂ ਵੀ ਸਮੁੰਦਰ ਹੋ ਗਿਆ।

ਮੇਰਿਆਂ ਖ਼੍ਵਾਬਾਂ ਚ ਤੂੰ ਜਾਂ ਰਾਤ ਰਾਣੀ ਮਹਿਕਦੀ,
ਮੇਰੇ ਚਾਅ ਦਾ ਕੱਦ ਵੀ ਤੇਰੇ ਬਰਾਬਰ ਹੋ ਗਿਆ।

ਮੇਰੀ ਰੂਹ ਦਾ ਸਿਦਕ ਵੀ ਅੱਜ ਮੌਲਿਆ ਬਣ ਕੇ ਬਹਾਰ,
ਸੋਨੇ ਰੰਗੀ ਧਰਤ ਦਾ, ਜੀਕੂੰ ਸਵੰਬਰ ਹੋ ਗਿਆ।

ਮਿਲ ਗਈ ਪਰਵਾਜ਼ ਮੈਨੂੰ, ਖੰਭ ਲਾਉਂਦੇ ਤਾਰੀਆਂ,
ਮਿਲ ਗਿਆ ਏ ਸਾਥ ਤੇਰਾ, ਮੈਂ ਵੀ ਅੰਬਰ ਹੋ ਗਿਆ।

ਮੇਰਿਆਂ ਨੈਣਾਂ ਚੋਂ ਹੰਝੂ, ਖ਼ੁਸ਼ਕ ਹੋਣੋਂ ਬਚ ਗਏ,
ਮਿਲਣ ਦਾ ਇਕਰਾਰ ਹੀ ਅਸਲੀ ਪੈਗੰਬਰ ਹੋ ਗਿਆ।

ਤੂੰ ਖਲੋਤੇ ਪਾਣੀਆਂ ਤੇ ਨਜ਼ਰ ਕੀਤੀ, ਬਾ ਕਮਾਲ,
ਬਹੁਤ ਗੰਧਲੀ ਝੀਲ ਦਾ ਪਾਣੀ ਵੀ ਸਰਵਰ ਹੋ ਗਿਆ।

ਸੁਰ ਮਿਰੇ ਸ਼ਬਦਾਂ ਨੂੰ ਸੰਗੀ, ਤਾਲ ਵੀ ਨੇ ਆ ਜੁੜੇ,
ਖੌਲਦਾ ਮਨ ਭਟਕਦਾ ਸੀ, ਸ਼ਾਂਤ ਸਾਗਰ ਹੋ ਗਿਆ।

164