ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਅੱਧ ਬੋਲ ਸੁਣਾ ਦੇ ਮੈਨੂੰ ਹਾਲੇ ਦਿਲ ਨਹੀਂ ਭਰਿਆ ਯਾਰ।
ਇਕਲਾਪੇ ਦਾ ਬੋਝ ਮੇਰੇ ਤੋਂ, ਹੋਰ ਨਾ ਜਾਵੇ ਜਰਿਆ ਯਾਰ।

ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਛਣਕਣ ਪੌਣ ਵਗੇ ਘੁੰਗਰਾਲਾਂ ਵਾਂਗ,
ਹਾਸੇ ਦੀ ਛਣਕਾਰ 'ਚ ਕੀ ਤੂੰ, ਦੱਸ ਦੇ, ਜਾਦੂ ਭਰਿਆ ਯਾਰ।

ਚੂਸ ਲਵਾਂ ਸਭ ਤਲਖ਼ੀਆਂ ਤੇਰੇ ਮੱਥੇ ਅੰਦਰੋਂ ਦਿਲ ਕਰਦੈ,
ਏਸ ਜਗ੍ਹਾ ਨਾ ਸ਼ਿਕਵਾ ਮੈਥੋਂ, ਹੁਣ ਨਾ ਜਾਵੇ ਜਰਿਆ ਯਾਰ।

ਹਰ ਵਾਰੀ, ਹਰ ਥਾਂ ਨਾ ਦਰਦ ਸੁਣਾਇਆ ਜਾਵੇ ਸਭਨਾਂ ਨੂੰ,
ਅੱਜ ਅਚਾਨਕ ਉੱਛਲਿਆ ਹੈ, ਜੋ ਮਨ ਰਹਿੰਦਾ ਭਰਿਆ ਯਾਰ।

ਉੱਪਰ ਥੱਲੇ ਮੇਰੇ ਕਿਉਂ ਨੇ, ਸਹਿਮੇ ਹੋਏ ਧਰਤ ਆਕਾਸ਼,
ਹਰ ਚਿਹਰਾ ਹੀ ਜ਼ਰਦ ਭੂਕ ਹੈ, ਹੋਵੇ ਜੀਕੂ ਡਰਿਆ ਯਾਰ।

ਤੂੰ ਹੋਵੇਂ ਤਾਂ ਅਗਨੀ ਵੀ ਹਮਰਾਜ਼ ਵਾਂਗਰਾਂ ਲੱਗਦੀ ਹੈ,
'ਕੱਲ੍ਹਿਆਂ ਬਹੁਤ ਮੁਹਾਲ ਅਗਨ ਦਾ ਮੈਂ ਦਰਿਆ ਹੈ ਤਰਿਆ ਯਾਰ।

ਗਲਵੱਕੜੀ ਵਿੱਚ ਉਹ ਪਲ ਸਾਰੇ, ਕੱਸਣੇ ਚਾਹਾਂ ਮੁੜ ਕੇ ਫੇਰ,
ਇਤਰ ਸਰੋਵਰ ਨੂੰ ਜਦ ਆਪਾਂ, ਰਲ ਕੇ ਸੀ ਜਦ ਤਰਿਆ ਯਾਰ।

165