ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਾਹਲੀ ਤੂਤ ਫੁਟਾਰਾ ਫੁੱਟਿਆ ਵੇਖ ਮਹੀਨਾ ਚੇਤਰ ਚੜ੍ਹਿਆ।
ਪੱਤਝੜ ਮਗਰੋਂ ਰੂਹ ਦੇ ਸਾਈਂਆਂ ਤੂੰ ਵੀ ਤਾਂ ਮਿਲ ਜਾ ਵੇ ਅੜਿਆ।

ਚੁੱਪ ਦੇ ਜੰਗਲ ਦਿਨ ਤੇ ਰਾਤਾਂ ਸ਼ਾਮ ਸਵੇਰਾਂ, ਕੀ ਤੂੰ ਕਰਦੈਂ,
ਰੂਹ ਤੇ ਦਸਤਕ ਦੇ ਦੇ ਪਰਤੇਂ ਇਹ ਤੂੰ ਵਰਕਾ ਕਿੱਥੋਂ ਪੜ੍ਹਿਆ।

ਲੱਸੀ ਨੂੰ ਵੀ ਮਾਰੇਂ ਫੂਕਾਂ ਏਨਾ ਵੀ ਦੱਸ ਡਰ ਕੀ ਹੋਇਆ,
ਹੋਠ ਛੁਹਾ ਕੇ ਰੂਹ ਨੂੰ ਸਿੰਜ ਲੈ,ਝਿਜਕ ਰਿਹੈਂ ਕਿਉਂ, ਦੁੱਧ ਦਾ ਸੜਿਆ।

ਕਣਕਾਂ ਹੋਈਆਂ ਸੋਨ ਸੁਨਹਿਰੀ ਸਿੱਟਿਆਂ ਦੇ ਮੂੰਹ ਦਾਣੇ ਮੋਤੀ,
ਬੱਲੀਆਂ ਦੇ ਵਿੱਚ ਜੁੜ ਕੇ ਮਾਣਕ, ਇਸ ਨੂੰ ਕਿੰਜ ਸੁਨਿਆਰੇ ਘੜਿਆ।

ਉੱਖਲੀ ਦੇ ਵਿੱਚ ਸਿਰ ਸੀ ਮੇਰਾ ਸਖ਼ਤ ਮੇਰੀ ਹਸਤੀ ਦੇ ਕਰਕੇ,
ਵਕਤ ਲਿਹਾਜ਼ ਨਾ ਕੀਤਾ ਮੇਰਾ ਮੋਹਲੇ ਮਾਰ ਮਾਰ ਕੇ ਛੜਿਆ।

ਤੋੜ ਰਹੇ ਨੇ ਫੁੱਲ ਤੇ ਕਲੀਆਂ ਵਣਜਾਂ ਖ਼ਾਤਰ ਚੁਸਤ ਫੁਲੇਰੇ,
ਟਾਹਣੀ ਟਾਹਣੀ ਖ਼ੁਸ਼ਬੂ ਪੁੱਛਦੀ, ਕਿਰਨ ਮ ਕਿਰਨੀ ਕਿਹੜਾ ਝੜਿਆ।

ਮੈਂ ਉਹ ਯੁੱਧ ਲੜਨ ਦੀ ਖ਼ਾਤਰ, ਰਣ ਭੂਮੀ ਵਿੱਚ ਪਹੁੰਚ ਗਿਆ ਹਾਂ,
ਆਪਣੇ ਉਲਟ ਲੜਾਈ ਹੈ ਇਹ, ਜੋ ਸੀ ਮੈਂ ਅੱਜ ਤੀਕ ਨਾ ਲੜਿਆ।

ਮੋਹ ਤੇਰੇ ਦੀ ਸੁਰਮ ਸਲਾਈ ਪਾ ਨੈਣਾਂ ਵਿੱਚ ਹੋਇਆ ਚਾਨਣ,
ਦਿਲ ਦਰਵਾਜ਼ੇ ਅੰਦਰ ਤੱਕ ਤੂੰ, ਮੁੰਦਰੀ ਸੁਰਖ਼ ਨਗੀਨਾ ਜੜਿਆ।

ਵੇਖੀਂ ਰਾਹ ਵਿਚਕਾਰ ਨਾ ਛੱਡੀ ਕਿੱਲ੍ਹਿਆਂ ਮੈਂ ਰਾਹ ਭੁੱਲ ਜਾਵਾਂਗਾ,
ਰੱਬ ਤੋਂ ਵੱਧ ਵਿਸ਼ਵਾਸ ਪਾਤਰਾ, ਯਾਦ ਤੇਰੀ ਦਾ ਪੱਲੂ ਫੜਿਆ।

166