ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ।
ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ।

ਮਹਿਰਮ ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ,
ਪੁੱਛੋ ਨਾ ਦਿਲ ਦਾ ਹਾਲ ਕੀ, ਬੀਮਾਰ ਕਰ ਗਿਆ।

ਕਦਮਾਂ ਤੋਂ ਕੁਝ ਕੁ ਦੂਰ ਪਰ ਰੂਹੋਂ ਕਰੋੜਾਂ ਮੀਲ,
ਖ਼ੌਰੇ ਪਤਾ ਨਹੀਂ ਕੌਣ ਇਹ ਦੀਵਾਰ ਕਰ ਗਿਆ।

ਮਾਰਾਂ ਆਵਾਜ਼, ਪਰਤ ਆਵੇ ਫਿਰ ਤੋਂ ਮੇਰੇ ਕੋਲ,
ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ।

ਮੈਨੂੰ ਨਜ਼ਰ ਭਰ ਵੇਖਿਆ,ਪਹਿਚਾਣਿਆ ਨਹੀਂ,
ਦੱਸਾਂ ਕਿਵੇਂ ਮੈਂ ਰੂਹ ਤੇ ਕਿੰਨਾ ਭਾਰ ਕਰ ਗਿਆ।

ਯਾਦਾਂ ਚੋਂ ਕਾਹਦਾ ਨਿਕਲਿਆ ਦਿਲਦਾਰ ਮਲਕੜੇ,
ਮੇਰਾ ਵਜੂਦ ਬਰਫ਼, ਠੰਢਾ ਠਾਰ ਕਰ ਗਿਆ।

ਮੇਰਾ ਖ੍ਵਾਬ ਘੁਲ ਗਿਆ, ਸ਼ਬਦਾਂ ਚ ਇਸ ਤਰ੍ਹਾਂ,
ਅੰਬਰ, ਸਮੁੰਦਰ, ਧਰਤ ਨੂੰ ਪਰਿਵਾਰ ਕਰ ਗਿਆ।

169