ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਪਈ ਹੈ, ਫਿਰ ਕੀ ਹੋਇਆ, ਮੈਂ ਨਾ ਹੁਣ ਦਿਲਗੀਰ ਬਣਾਂਗਾ।
ਅਗਨ ਬਾਣ ਹਾਂ, ਵੇਖ ਲਇਓ ਮੈਂ, ਰਾਤ ਦੀ ਹਿੱਕ ਵਿੱਚ ਤੀਰ ਬਣਾਂਗਾ।

ਨਾਲ ਸ਼ਿਕਰਿਆਂ ਲੜਦੇ ਲੜਦੇ, ਝਪਟ ਮਾਰਦੇ ਬਾਜ਼ਾਂ ਖ਼ਾਤਰ,
ਚਿੜੀਆਂ ਦੀ ਧਿਰ ਪਾਲਦਿਆਂ ਮੈਂ, ਜ਼ਾਲਮ ਲਈ ਸ਼ਮਸ਼ੀਰ ਬਣਾਂਗਾ।

ਕਣਕ ਦੇ ਬਦਲੇ ਅਣਖ ਵੇਚ ਕੇ, ਧਰਤੀ ਤੇ ਕਿਉਂ ਭਾਰ ਬਣਾਂ ਮੈਂ,
ਰਾਤ ਦੇ ਕਾਲ਼ੇ ਚਿਹਰੇ ਉੱਤੇ ਬਲ਼ਦੀ ਸੁਰਖ਼ ਲਕੀਰ ਬਣਾਂਗਾ।

ਹੋਰ ਕਿਸੇ ਨੂੰ ਕਰਾਂ ਜੋਦੜੀ, ਮੰਨ ਕੇ ਆਪਣਾ ਭਾਗ ਵਿਧਾਤਾ,
ਹਰਗਿਜ਼ ਇਹ ਨਾ ਹੋਣਾ ਮੈਥੋਂ ਖੁਦ ਆਪਣੀ ਤਕਦੀਰ ਬਣਾਂਗਾ।

ਜੁਗਨੂੰ, ਚੰਨ ਅਸੰਖਾਂ ਤਾਰੇ, ਕਿੰਨੇ ਮੇਰੇ ਯਾਰ ਪਿਆਰੇ,
ਏਸ ਤਰ੍ਹਾਂ ਹੀ ਜਗਦਾ ਜਗਦਾ ਮੈਂ ਸੂਰਜ ਦਾ ਵੀਰ ਬਣਾਂਗਾ।

ਆਦਿ ਜੁਗਾਦੀ ਸੱਚ ਤੇ ਪਹਿਰਾ, ਦੇਣ ਲਈ ਮੈਂ ਹਾਜ਼ਰ ਨਾਜ਼ਰ,
ਜਬਰ ਜ਼ੁਲਮ ਨੂੰ ਮੇਟਣ ਦੇ ਲਈ, ਚਾਨਣ ਦਾ ਹਮਸ਼ੀਰ* ਬਣਾਂਗਾ।

ਮਾਤਾ ਧਰਤ ਸੁਹਾਗਣ ਮੇਰੀ, ਬਣੀ ਅਭਾਗਣ, ਜਿਸਦੇ ਕਰਕੇ,
ਬਿਰਖ਼ ਬਰੂਟੇ ਪੌਣ ਦੇਣਗੇ, ਮੈਂ ਵੀ ਨਿਰਮਲ ਨੀਰ ਬਣਾਂਗਾ।

  • ਭਰਾ

172