ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਕ ਸੱਚ ਤੇ ਇਨਸਾਫ਼ ਦੀ ਵੇਖੀ, ਮੈਂ ਤਾਂ ਕਿਤੇ ਦੁਕਾਨ ਨਹੀਂ।
ਏਸ ਕਿਸਮ ਦੇ ਘੱਟ ਵਣਜਾਰੇ, ਵਿਕਦਾ ਕਿਤੇ ਸਮਾਨ ਨਹੀਂ।

ਭਾਰਤ ਲੱਭਦੇ ਕਿਵੇਂ ਕੋਲੰਬਸ ਲੱਭ ਲਿਆ ਅਮਰੀਕਾ ਨੂੰ,
ਮੈਂ ਤੱਕਿਆ ਹੈ ਵਿੱਚ ਅਮਰੀਕਾ, ਜਿਸਦਾ ਨਾਮ ਨਿਸ਼ਾਨ ਨਹੀਂ।

ਸ਼ਬਦ ਸਲਾਮਤ ਗੁਰ ਹੈ ਮੇਰਾ, ਜੇ ਪੜ੍ਹਦਾਂ ਰਾਹ ਦੱਸਦਾ ਹੈ,
ਸੌ ਦੀ ਇੱਕ ਸੁਣਾਵਾਂ ਮੇਰਾ, ਮਿੱਟੀ ਦਾ ਭਗਵਾਨ ਨਹੀਂ।

ਮੈਂ ਹੀ ਤੈਨੂੰ ਚੁਣਿਆ, ਚੁਣ ਕੇ, ਤੈਨੂੰ ਖ਼ੁਦ ਸਰਕਾਰ ਕਿਹਾ,
ਮੇਰੇ ਨਾਲ ਬਰਾਬਰ ਬਹਿ ਤੂੰ, ਮੈਂ ਤੇਰਾ ਦਰਬਾਨ ਨਹੀਂ।

ਇਸ ਵਿੱਚ ਮੈਂ ਤੇ ਪੁਰਖ਼ੇ ਰਹਿੰਦੇ, ਖੇਡਣ ਬੱਚੜੇ ਸ਼ਾਮ ਸਵੇਰ,
ਨਿੱਤਨੇਮਣ ਬੀਵੀ ਦੇ ਕਾਰਨ, ਘਰ ਇਹ ਸਿਰਫ਼ ਮਕਾਨ ਨਹੀਂ।

ਮੈਨੂੰ ਗੁਰ ਉਪਦੇਸ਼ ਸਿਖਾਇਆ, ਸੁਣ ਲਉ ਦੁਨੀਆ ਵਾਲੜਿਓ,
ਰੂਹ ਦੇ ਕੰਗਲੇ, ਧਨ ਦੇ ਲੋਭੀ, ਸ਼ਾਹ ਤਾਂ ਹਨ, ਧਨਵਾਨ ਨਹੀਂ।

ਸੀਸ ਤਲੀ ਧਰ, ਯਾਰ ਗਲੀ ਵੱਲ, ਤੁਰਨਾ ਏਨਾ ਸਹਿਲ ਨਹੀਂ,
ਉਸ ਨੂੰ ਸਮਝ ਕਦੇ ਨਹੀਂ ਪੈਣੀ, ਜਿਸ ਮਿੱਟੀ ਵਿੱਚ ਜਾਨ ਨਹੀਂ।

19