ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਮੰਦਰ ਦੀ ਟੱਲੀ ਨੂੰ, ਟੁਣਕਾਰ ਲਿਆ ਹੈ।
ਰੂਹ ਨੂੰ ਮੁਕਤ ਕਰਾ ਕੇ, ਭਾਰ ਉਤਾਰ ਲਿਆ ਹੈ।

ਜਿੱਥੇ ਕਦਮ ਅਗਾਂਹ ਨੂੰ ਪੁੱਟਿਆਂ, ਧੂੜਾਂ ਉੱਡਣ,
ਹੁਣ ਮੈਂ ਖ਼ੁਦ ਨੂੰ ਕਿਣਕੇ ਤੋਂ ਵਿਸਥਾਰ ਲਿਆ ਹੈ।

ਫ਼ਰਜ਼ਾਂ ਦੇ ਲਈ ਮਾਣ, ਮਰਤਬੇ, ਕੁਰਸੀ, ਨਿਕਸੁਕ,
ਗ਼ਰਜ਼ਾਂ ਵਾਲਾ ਕੂੜਾ, ਮਨੋਂ ਬੁਹਾਰ ਲਿਆ ਹੈ।

ਜਿਹੜੇ ਘਰ ਵਿੱਚ ਸ਼ਿਕਰੇ, ਚਿੜੀਆਂ ਦੇ ਖੰਭ ਨੋਚਣ,
ਮੈਂ ਉਸ ਦਰ ਨੂੰ ਬਾਹਰੋਂ, ਜੰਦਰਾ ਮਾਰ ਲਿਆ ਹੈ।

ਰੂਹ ਦਾ ਪੰਛੀ ਤੜਪ ਰਿਹਾ ਸੀ, ਪਿੰਜਰੇ ਅੰਦਰ,
ਚੂਰੀ ਦੀ ਮਜਬੂਰੀ ਨੂੰ, ਦੁਰਕਾਰ ਲਿਆ ਹੈ।

ਚੱਲ ਹੁਣ ਅਰਸ਼ ਉਡਾਰੀ ਭਰੀਏ, ਸਾਗਰ ਤਰੀਏ,
ਤਨ ਤੇ ਮਨ ਨੇ ਰਲ਼ ਕੇ, ਪੱਕਾ ਧਾਰ ਲਿਆ ਹੈ।

ਕਾਲਖ਼ ਦੀ ਕੋਠੀ ਵਿੱਚ ਰਹਿਣਾ, ਬਹੁਤ ਕਠਿਨ ਸੀ,
ਮੈਂ ਰਾਹਾਂ ਨੂੰ ਚਾਨਣ ਨਾਲ, ਸ਼ਿੰਗਾਰ ਲਿਆ ਹੈ।

21