ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਰਿਹਾ ਇਹ ਕੌਣ, ਤਲੀਆਂ ਤੇ ਟਿਕਾ, ਅੰਗਿਆਰ ਨੂੰ।
ਇੱਕ ਪਲ ਵੀ ਨਾ ਉਤਾਰੇ, ਦਿਲ ਦੇ ਉਤਲੇ ਭਾਰ ਨੂੰ।

ਮੈਂ ਮੁਹੱਬਤ ਨੂੰ ਹਮੇਸ਼ਾਂ, ਮਾਣਿਐਂ ਕੁਝ ਇਸ ਤਰ੍ਹਾਂ,
ਤਰਬ ਛੱਡੇ, ਸੂਰ ਸਾਰੰਗੀ, ਵੇਖਦੀ ਜਿਉਂ ਤਾਰ ਨੂੰ।

ਸੁਪਨਿਆਂ ਦੀ ਛਾਲ ਪਰਖਣ ਵਾਲਿਆ, ਇਹ ਸੋਚ ਲੈ,
ਧਰਤ ਸੌੜੀ ਹੈ ਹਮੇਸ਼ਾਂ, ਪੰਛੀਆਂ ਦੀ ਡਾਰ ਨੂੰ।

ਵਕਤ ਦੇ ਘੋੜੇ ਸਵਾਰੀ ਕਰਨ ਵਾਲਾ ਸ਼ੌਕ ਹੈ,
ਨੀਂਦਰਾਂ ਨਹੀਂ ਆਉਂਦੀਆਂ, ਮੈਂ ਪੂਰਨੈਂ ਇਕਰਾਰ ਨੂੰ।

ਲਗਨ ਹੈ ਤਾਂ ਅਗਨ ਹੈ, ਮਗਰੋਂ ਤਾਂ ਸਾਰੀ ਰਾਖ਼ ਹੈ,
ਐ ਹਵਾ! ਤੂੰ ਦੱਸ ਦੇਵੀਂ, ਜਾ ਕੇ ਮੇਰੇ ਯਾਰ ਨੂੰ।

ਮਹਿਕ ਵਾਂਗੂੰ ਆ ਮਿਲੀ, ਰੰਗਾਂ ਦੇ ਮੇਲੇ ਵਿੱਚ ਤੂੰ,
ਸੁਣ ਲਵੀਂ ਆਪੇ ਤੂੰ ਮੇਰੀ, ਸਰਗਮੀ ਗੁਫ਼ਤਾਰ ਨੂੰ।

ਤੇਰੀ ਮੇਰੀ ਇੱਕ ਧਰਤੀ, ਇੱਕ ਹੀ ਆਕਾਸ਼ ਹੈ,
ਕਿਰਚ ਨੇ ਆਹ ਲੀਕ ਵਾਹੀ, ਕਿਉਂ ਦਿਲਾਂ ਵਿਚਕਾਰ ਨੂੰ।

27