ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਕ ਰਹੀ ਮੁਸਕਾਨ ਪਿਆਰੀ, ਹਾਏ ਤੌਬਾ।
ਦੇ ਦੇ ਇੱਕ ਅੱਧ ਚਿਣਗ ਉਧਾਰੀ, ਹਾਏ ਤੌਬਾ।

ਸ਼ਾਮ ਪਈ ਤੇ ਖ਼ੁਰ ਜਾਣੇ ਪਰਛਾਵੇਂ ਨੇ,
ਫਿਰ ਨਹੀਂ ਲੱਭਣੀ ਸੂਰਤ ਪਿਆਰੀ, ਹਾਏ ਤੌਬਾ।

ਤਾਰੇ ਬੜੇ ਪਿਆਰੇ ਪਰ ਇਹ ਅੰਬਰੀਂ ਨੇ,
'ਨੇਰ੍ਹ ਦੀ ਬੁੱਕਲ ਧਰਤੀ ਮਾਰੀ, ਹਾਏ ਤੌਬਾ।

ਨੈਣ ਕਟੋਰੇ ਹਿਰਨੋਟੇ ਦੀ ਰੀਸ ਕਰਨ,
ਡੰਗਦੀ ਪਈ ਸੁਰਮੇ ਦੀ ਧਾਰੀ, ਹਾਏ ਤੌਬਾ।

ਅਰਥ ਵਿਚਾਰੇ ਪਿੱਛੇ ਰਹਿ ਗਏ ਸ਼ਬਦਾਂ ਤੋਂ,
ਦਿਲ ਤੈਥੋਂ ਜਾਵੇ ਬਲਿਹਾਰੀ, ਹਾਏ ਤੋਬਾ।

ਸੁਪਨੇ ਵਿੱਚ ਤੂੰ ਆਈਂ ਜਾਂ ਨਾ ਆਈਂ ਪਰ,
ਬੰਦ ਕਰੀਂ ਨਾ ਦਿਲ ਦੀ ਬਾਰੀ, ਹਾਏ ਤੌਬਾ।

ਜਿਸ ਵਿੱਚ ਤੇਰੀ ਮੇਰੀ ਰੂਹ ਦਾ ਰੇਸ਼ਮ ਸੀ,
ਕਿੱਧਰ ਗਈ ਹੁਣ ਉਹ ਫੁਲਕਾਰੀ, ਹਾਏ ਤੌਬਾ।

28