ਇਹ ਸਫ਼ਾ ਪ੍ਰਮਾਣਿਤ ਹੈ
ਸ਼ਹਿਨਸ਼ਾਹੀ ਕੁਫ਼ਰ ਜਦ ਵੀ ਬੋਲਦਾ ਹੈ।
ਤਖ਼ਤ ਦਾ ਪਾਵਾ ਉਦੋਂ ਹੀ ਡੋਲਦਾ ਹੈ।
ਭਰਮ ਹੈ ਤੈਨੂੰ ਕਿ ਪੈਸਾ ਪੀਰ ਸਭ ਦਾ,
ਕੂੜ ਵੇਖੋ, ਤੱਕੜੀ ਕਿੰਜ ਤੋਲਦਾ ਹੈ।
ਮੇਲ ਦੇਵੇ ਧਰਤ ਨੂੰ ਆਕਾਸ਼ ਤੀਕਰ,
ਜਲ ਬਿਨਾ ਗੜਵੀ 'ਚ ਮਿਸ਼ਰੀ ਘੋਲਦਾ ਹੈ।
ਜਿਹੜਿਆਂ ਪੈਰਾਂ ਦੇ ਹੇਠਾਂ ਧਰਤ ਹੀ ਨਾ,
ਇਹ ਮੁਸਾਫ਼ਿਰ ਓਸ ਬਸਤੀ ਕੋਲ ਦਾ ਹੈ।
ਜਾਲ਼ ਉੱਤੇ ਚੋਗ ਚੁਗਦਾ ਵੇਖਿਆ ਮੈਂ,
ਪਰ ਪਰਿੰਦਾ ਉੜਨ ਖ਼ਾਤਰ ਤੋਲਦਾ ਹੈ।
ਇੱਕ ਦਿਨ ਸੁਣਿਆ ਮੈਂ ਝੁੱਗੀ ਵਾਲਿਆਂ ਤੋਂ,
ਕੌਣ ਸਾਨੂੰ ਥਾਂ ਕੁ ਥਾਂ 'ਤੇ ਰੋਲ਼ਦਾ ਹੈ।
ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ,
ਫਿਰ ਕਹੇਂਗਾ, ਮੇਰੇ ਪਰਦੇ ਫ਼ੋਲਦਾ ਹੈ।
30