ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਬਰ ਹੀ ਨਹੀਂ, ਮੈਂ ਭਲਾ ਕੀ ਕਰ ਰਿਹਾ ਸਾਂ।
ਰੇਤ ਛਲ ਦੇ ਪਾਣੀਆਂ ਵਿੱਚ, ਤੁਰ ਰਿਹਾ ਸਾਂ।

ਨੈਣ ਤੇਰੇ ਗ਼ਜ਼ਲ ਸੋਹਣੀ, ਕਹਿ ਰਹੇ ਸਨ,
ਬਿਨ ਬੁਲਾਏ, ਮੈਂ ਹੁੰਗਾਰਾ ਭਰ ਰਿਹਾ ਸਾਂ।

ਤੂੰ ਕਿਹਾ, ਕੁਝ ਵੀ ਨਹੀਂ, ਚੱਲ ਫੇਰ ਕੀ ਏ,
ਮੈਂ ਤਾਂ ਆਪਣੇ ਆਪ ਗੱਲਾਂ, ਕਰ ਰਿਹਾ ਸਾਂ।

ਜਾਗਿਆ ਪਰਭਾਤ ਤੀਕਰ, ਰਾਤ ਭਰ ਮੈਂ,
ਦਿਨ ਦੇ ਚਿੱਟੇ ਚਾਨਣੋਂ ਮੈਂ ਡਰ ਰਿਹਾ ਸਾਂ।

ਮਨ ਰਿਹਾ ਭਟਕਣ ’ਚ ਗਾਹੁੰਦਾ ਨੀਲ ਅੰਬਰ,
ਕੌਣ ਕਹਿੰਦੈ ਰਾਤ ਨੂੰ ਮੈਂ, ਘਰ ਰਿਹਾ ਸਾਂ।

ਮਹਿਕ ਤੇਰੀ ਮਗਰ, ਕਾਫ਼ੀ ਤੇਜ਼ ਤੁਰਿਆ,
ਸ਼ਾਇਦ, ਸੂਰਜ ਵਾਂਗ ਧਰਤੀ ਵਰ ਰਿਹਾ ਸਾਂ।

ਜਨਮ ਦਿਨ ਲੰਘੇ ਤੇ ਮਗਰੋਂ ਯਾਦ ਆਇਆ,
ਦਿਵਸ, ਰਾਤਾਂ, ਹਰ ਘੜੀ ਹੀ ਮਰ ਰਿਹਾ ਸਾਂ।

ਦਸਤਕਾਂ ਤਾਂ ਦਿੱਤੀਆਂ, ਸੁਣੀਆਂ ਨਾ ਤੂੰ ਹੀ,
ਮੈਂ ਤਾਂ ਧੜਕਣ ਵਾਂਗ, ਦਿਲ ਦੇ ਦਰ ਰਿਹਾ ਸਾਂ।

31