ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੱਲ ਨੀ ਭੈਣੇ ਆਪਾਂ ਰਲ ਕੇ, ਵੀਰਾਂ ਦੇ ਸੰਗ ਕਦਮ ਵਧਾਈਏ।
ਘਰ ਦੀ ਚਾਰ ਦੀਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ।

ਧਰਤੀ ਤੋਂ ਲੈ ਚੰਦਰਮਾ ਤੱਕ, ਕਿਹੜੀ ਥਾਂ ਜੋ ਸਾਥੋਂ ਓਹਲੇ,
ਹਰ ਵਰਕੇ ਤੇ ਲੀਕਾਂ ਵਾਹੀਏ, ਹਰ ਖੇਤਰ ਵਿੱਚ ਸੇਵ ਕਮਾਈਏ।

ਧਰਤੀ ਵਾਂਗੂੰ ਧੀ ਵੀ ਧਨ ਹੈ, ਬਾਬਲ ਧਰਮੀ ਨੂੰ ਇਹ ਦੱਸੀਏ,
ਦਾਦੀ ਨਾਨੀ ਮਾਂ ਮਮਤਾ ਨੂੰ, ਅਣਪੜ੍ਹਿਆ ਜੋ ਸਬਕ ਪੜ੍ਹਾਈਏ।

ਨਾ ਅਰਧਾਂਗਣ ਨਾ ਹਾਂ ਅਬਲਾ, ਪੂਰੀ ਹਸਤੀ ਲੈ ਕੇ ਜੰਮੀ,
ਆਪੇ ਜੱਗ ਇਹ ਸਮਝ ਲਵੇਗਾ, ਪਹਿਲਾਂ ਤਾਂ ਖ਼ੁਦ ਨੂੰ ਸਮਝਾਈਏ।

ਗੀਤ ਗ਼ਜ਼ਲ ਕਵਿਤਾਵਾਂ ਜਹੀਆਂ, ਧੀਆਂ ਇਸ ਤੋਂ ਹੋਰ ਅਗੇਰੇ,
ਜ਼ਿੰਦਗੀ ਦੇ ਮੈਦਾਨ 'ਚ ਵੀ ਹੁਣ, ਰਣ ਚੰਡੀ ਦਾ ਰੂਪ ਵਿਖਾਈਏ।

ਜ਼ਿੰਦਗੀ ਦੀ ਸ਼ਤਰੰਜ ਦੇ ਮੋਹਰੇ, ਆਪਾਂ ਦੋਹਾਂ ਨੇ ਨਹੀਂ ਬਣਨਾ,
ਸੱਜੇ ਖੱਬੇ ਹੱਥ ਦੇ ਵਾਂਗੂੰ, ਇੱਕ ਦੂਜੇ ਦਾ ਸਾਥ ਨਿਭਾਈਏ।

ਸਦੀਆਂ ਸਿਦਕ, ਸਲੀਕਾ, ਸੇਵਾ, ਸ਼ੁਭ ਕਰਮਨ ਦਾ ਬੀਜ ਸਾਂਭਿਆ,
ਆ ਜਾ ਅਪਣੇ ਹੱਥੀਂ ਆਪੇ, ਵਿੱਚ ਸਿਆੜਾਂ ਇਹ ਸਭ ਲਾਈਏ।

32