ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਹੋਲੀ ਦਾ ਭਰਮ ਪਾਲਦੈਂ, ਇਹ ਰੰਗ ਕੱਚੇ ਲਹਿ ਜਾਣੇ ਨੇ।
ਦਰਦ ਪਰੁੱਚੇ ਜ਼ਖ਼ਮੀ ਸੁਪਨੇ, ਇਹ ਹੀ ਰੂਹ ਤੇ ਰਹਿ ਜਾਣੇ ਨੇ।

ਚੜ੍ਹਿਆ ਸੂਰਜ ਲਿਸ਼ ਲਿਸ਼ਕੰਦੜਾ, ਚਮਕ ਰਿਹੈ ਪਰ ਇਹ ਨਾ ਭੁੱਲੀਂ,
ਤਾਜ ਤਖ਼ਤ ਤੇ ਮਹਿਲ ਮੁਨਾਰੇ, ਸ਼ਾਮ ਢਲੀ ਤੇ ਢਹਿ ਜਾਣੇ ਨੇ।

ਸਿਖ਼ਰ ਪਹਾੜੀ ਚੋਟੀ ਉੱਤੇ, ਹੌਕਿਆਂ ਦੇ ਬਰਫ਼ਾਨੀ ਤੋਦੇ,
ਪਿਘਲਣਗੇ, ਤੂੰ ਵੇਖੀਂ ਇੱਕ ਦਿਨ, ਅੱਥਰੂ ਬਣ ਕੇ ਵਹਿ ਜਾਣੇ ਨੇ।

ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਂਉਂ,
ਬੋਲ ਮੈਂ ਜਿਹੜੇ ਸੋਚ ਲਏ ਉਹ, ਜਾਂਦੇ ਜਾਂਦੇ ਕਹਿ ਜਾਣੇ ਨੇ।

ਆ ਹੁਣ ਤੁਰੀਏ, ਬਹਿ ਨਾ ਝੁਰੀਏ, ਹਰ ਦਿਨ ਸਬਕ ਪੜ੍ਹਾਵੇ, ਪੜ ਲੈ,
ਜੇ ਨਾ ਤੁਰਿਉਂ, ਤੇਰੇ ਸੁਪਨੇ, ਅੱਧ ਵਿਚਕਾਰ ਹੀ ਰਹਿ ਜਾਣੇ ਨੇ।

ਕਿੰਜ ਤੇਰਾ ਧੰਨਵਾਦ ਕਰਾਂ ਮੈਂ, ਦਰਦ ਸਮੁੰਦਰ ਦੇਣ ਵਾਲਿਆ,
ਬਾਕੀ ਜ਼ਖ਼ਮ ਕਸੀਸਾਂ ਵੱਟ ਮੈਂ, ਏਸ ਤਰ੍ਹਾਂ ਹੀ ਸਹਿ ਜਾਣੇ ਨੇ।

ਲਾਵੇ ਵਾਂਗੂੰ ਉੱਬਲਣ ਵਾਲੇ, ਥੋੜ ਚਿਰੀ ਹਸਤੀ ਦੇ ਮਾਲਕ,
ਛੁਰਲੀ ਵਾਂਗ ਹਵਾ ਵਿੱਚ ਉੱਡਦੇ, ਰਾਖ਼ ਦੇ ਵਾਂਗੂੰ ਬਹਿ ਜਾਣੇ ਨੇ।

33