ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ।
ਜਗਦੇ ਦੀਪ ਬੁਝਾ ਕੇ ਡਾਕੂ, ਵਿੱਚ ਹਨੇਰੇ ਮਾਰ ਕਰਨਗੇ।

ਬਚ ਜਾਹ ਓ ਤੂੰ ਭੋਲੇ ਪੰਛੀ, ਇਨ੍ਹਾਂ ਵਾਲੀ ਚੋਗ ਚੁਗੀਂ ਨਾ,
ਬਿਰਖ਼ ਚੀਰ ਕੇ ਇਹ ਵਣਜਾਰੇ ਛਾਵਾਂ ਤਾਰੋ ਤਾਰ ਕਰਨਗੇ।

ਤੇਰੇ ਹੱਥ ਹਥਿਆਰ ਦੇਣਗੇ, ਵੰਨ ਸੁਵੰਨੇ ਭਰਮ ਭੁਲੇਖੇ,
ਹੌਲੀ ਹੌਲੀ ਤੈਨੂੰ ਏਦਾਂ ਵੇਖ ਲਵੀਂ ਮਿਸਮਾਰ ਕਰਨਗੇ।

ਤੇਰੀ ਥਾਲੀ ਵਿੱਚੋਂ ਰੋਟੀ, ਚੁੱਕ ਲੈਣੀ ਏਂ ਉੱਡਣੇ ਕਾਵਾਂ,
ਤੇਜ਼ ਤਰਾਰੀ, ਮੌਤ ਸਵਾਰੀ, ਸ਼ਾਤਰ ਬਹੁਤ ਖੁਆਰ ਕਰਨਗੇ।

ਨਾ ਬਣ ਸਿਰਫ਼ ਮਸ਼ੀਨੀ ਪੁਰਜ਼ਾ, ਤੇਰੀ ਹਸਤੀ ਕਿਤੇ ਵਡੇਰੀ,
ਪੌਣ ਸਵਾਰ ਕਰਨਗੇ ਚਾਤਰ, ਮਗਰੋਂ ਸਿਰ ਦੇ ਭਾਰ ਕਰਨਗੇ।

ਨੇਤਾ ਜਹੇ ਅਭਿਨੇਤਾ ਤੈਨੂੰ, ਕਹਿ ਖਲਨਾਇਕ ਰੋਲ ਦੇਣਗੇ,
ਛੱਜ ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖ਼ਬਾਰ ਕਰਨਗੇ।

ਕੀ ਹੋਇਆ ਤੇ ਕੀਕੂੰ ਹੋਇਆ, ਮੀਸਣਿਆਂ ਦੇ ਟੋਲੇ ਆ ਕੇ,
ਤੇਰੀ ਲੋਥ ਸਰ੍ਹਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ।

ਹਮਦਰਦੀ ਦਾ ਪਾਠ ਪੜ੍ਹਦਿਆਂ, ਮਗਰੋਂ ਇਹ ਸਭ ਭੋਗ ਪਾਉਣਗੇ,
ਆਪਣਾ ਪੱਲਾ ਝਾੜਨ ਮਗਰੋਂ ਡਾਢਾ ਅੱਤਿਆਚਾਰ ਕਰਨਗੇ।

ਬੜਾ ਰੋਕਿਆ ਮੜਿਆ ਹੀ ਨਾ, ਯਾਰੋ ਸਾਥੋਂ ਹੜ੍ਹ ਦਾ ਪਾਣੀ,
ਹੋਈਆਂ ਤੇ ਅਣਹੋਈਆਂ ਬਾਤਾਂ ਮੇਰੇ ਬਾਰੇ ਯਾਰ ਕਰਨਗੇ।

35